ਪੰਜਾਬ

punjab

ETV Bharat / entertainment

ਆਗਾਜ਼ ਵੱਲ ਵਧੀ ਪੰਜਾਬੀ ਫਿਲਮ 'ਟਰੈਵਲ ਏਜੰਟ', ਇਹ ਚਿਹਰੇ ਨਿਭਾਉਣਗੇ ਲੀਡ ਭੂਮਿਕਾ - Punjabi film travel agent

Punjabi Film Travel Agent: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਟਰੈਵਲ ਏਜੰਟ' ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਹੈ, ਇਸ ਫਿਲਮ ਵਿੱਚ ਨਵੇਂ ਸ਼ਾਨਦਾਰ ਚਿਹਰੇ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

ਪੰਜਾਬੀ ਫਿਲਮ 'ਟਰੈਵਲ ਏਜੰਟ' ਦੀ ਸ਼ੂਟਿੰਗ
ਪੰਜਾਬੀ ਫਿਲਮ 'ਟਰੈਵਲ ਏਜੰਟ' ਦੀ ਸ਼ੂਟਿੰਗ (ਇੰਸਟਾਗ੍ਰਾਮ)

By ETV Bharat Entertainment Team

Published : May 7, 2024, 9:51 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਅਲਹਦਾ ਕੰਟੈਂਟ ਫਿਲਮਾਂ ਵਿਚ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਫੀਚਰ ਫਿਲਮ 'ਟਰੈਵਲ ਏਜੰਟ', ਜਿਸ ਦੀ ਰਸਮੀ ਸ਼ੁਰੂਆਤ ਸੋਮਵਾਰ ਸ਼ਾਮ ਮੁੰਬਈ ਦੇ ਜੁਹੂ ਸਥਿਤ ਸੰਨੀ ਸੁਪਰ ਸਾਊਂਡ ਸਟੂਡਿਓ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਐਕਟਰ ਧਰਮਿੰਦਰ ਵੱਲੋਂ ਮਹੂਰਤ ਕਲੈਪ ਦੇ ਕੇ ਕੀਤੀ ਗਈ।

'ਗੋਬਿੰਦ ਫਿਲਮ ਕ੍ਰਿੲਏਸ਼ਨਜ ਪ੍ਰਾਈ.ਲਿਮਿ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਬਲਜਿੰਦਰ ਸਿੰਘ ਸਿੱਧੂ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਕਈ ਦਿੱਗਜ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਸੁਭਾਗ ਹਾਸਿਲ ਕਰ ਚੁੱਕੇ ਹਨ।

ਨਿਰਮਾਤਾ ਸਤਵਿੰਦਰ ਸਿੰਘ ਮਠਾੜੂ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਪਰਿਵਾਰਿਕ-ਡਰਾਮਾ ਅਤੇ ਅਰਥ-ਭਰਪੂਰ ਫਿਲਮ ਵਿਚ ਸੋਨੂ ਬੱਗੜ, ਪੂਨਮ ਸੂਦ ਅਤੇ ਪ੍ਰਭਜੋਤ ਕੌਰ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਅਵਤਾਰ ਗਿੱਲ, ਰੋਜ਼ ਜੇ ਸਿੰਘ, ਸ਼ਵਿੰਦਰ ਮਾਹਲ, ਰਣਜੀਤ ਰਿਆਜ਼ ਸ਼ਰਮਾ ਅਤੇ ਹੋਰ ਕਈ ਮੰਨੇ-ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ ਵਿੱਚ ਵਿਖਾਈ ਦੇਣਗੇ।

ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜਮਾਨੀ ਕਰਦੀ ਅਤੇ ਵਿਦੇਸ਼ ਜਾਣ ਦੀ ਹੋੜ ਵਿੱਚ ਹਰ ਹੀਲਾ ਅਪਨਾਉਣ ਵਿੱਚ ਜੁਟੀ ਨੌਜਵਾਨ ਪੀੜੀ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਕੁਝ ਜਾਅਲੀ ਟਰੈਵਲ ਏਜੈਂਟਾਂ ਵੱਲੋਂ ਨੌਜਵਾਨਾਂ ਅਤੇ ਉਨਾਂ ਦੇ ਮਾਪਿਆ ਦੀ ਕੀਤੀ ਜਾਂਦੀ ਲੁੱਟ ਖਸੁੱਟ ਦਾ ਵੀ ਪ੍ਰਭਾਵੀ ਵਰਣਨ ਕੀਤਾ ਗਿਆ ਹੈ।

ਪੰਜਾਬੀ ਸਿਨੇਮਾ ਵਿੱਚ ਕੁਝ ਨਵਾਂ ਕਰ ਗੁਜ਼ਰਣ ਦੀ ਤਾਂਘ ਰੱਖਦੇ ਉਕਤ ਫਿਲਮ ਦੇ ਲੇਖਕ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਅਨੁਸਾਰ ਸੰਦੇਸ਼ਮਕ ਸੋਚ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਜਿੱਥੇ ਸਮਾਜਿਕ ਸਰੋਕਾਰਾਂ ਨੂੰ ਪੂਰਾ ਮਹੱਤਵ ਦਿੱਤਾ ਜਾ ਰਿਹਾ ਹੈ, ਉਥੇ ਨੌਜਵਾਨ ਪੀੜੀ ਨੂੰ ਲਕੀਰ ਦਾ ਫ਼ਕੀਰ ਨਾ ਬਣਨ ਦੀ ਪ੍ਰੇਰਣਾ ਦਿੱਤੀ ਜਾਵੇਗੀ।

ਉਨਾਂ ਦੱਸਿਆ ਕਿ ਮਹੂਰਤ ਉਪਰੰਤ ਨਾਲੋਂ ਨਾਲ ਹੀ ਇਸ ਦੇ ਸ਼ੂਟਿੰਗ ਪੜਾਅ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਮੱਦੇਨਜ਼ਰ ਪਹਿਲੇ ਫੇਜ਼ ਅਧੀਨ ਪੰਜਾਬ ਦੇ ਲੁਧਿਆਣਾ-ਮੋਹਾਲੀ ਆਦਿ ਵਿੱਚ ਸ਼ੂਟਿੰਗ ਮੁਕੰਮਲ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਕੁਝ ਹਿੱਸਾ ਵਿਦੇਸ਼ਾਂ ਵਿੱਚ ਵੀ ਪੂਰਾ ਕੀਤਾ ਜਾਵੇਗਾ।

ਮੇਨ ਸਟਰੀਮ ਸਿਨੇਮਾ ਤੋਂ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਦੇ ਐਕਸ਼ਨ ਨਿਰਦੇਸ਼ਕ ਮੋਹਨ ਬੱਗੜ ਅਤੇ ਸਿਨੇਮਾਟੋਗ੍ਰਾਫ਼ਰ ਨਜੀਬ ਖਾਨ ਹਨ, ਜੋ ਬਾਲੀਵੁੱਡ ਦੀਆਂ ਬੇਸ਼ੁਮਾਰ ਵੱਡੀਆਂ ਅਤੇ ਸਫਲ ਫਿਲਮਾਂ ਨੂੰ ਸ਼ਾਨਦਾਰ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ABOUT THE AUTHOR

...view details