ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਆਗਾਮੀ ਆਫ-ਬੀਟ ਫਿਲਮਾਂ ਵਿੱਚ ਸ਼ਾਮਿਲ 'ਲਾਲ ਸਲਾਮ' ਰਿਲੀਜ਼ ਲਈ ਤਿਆਰ ਹੈ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਮੁਕੰਮਲ ਕਰ ਲਏ ਗਏ ਹਨ। 'ਕੇਕੇ ਫਿਲਮਜ਼' (ਪੰਜਾਬ) ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਕੰਗ ਰੋਇਲ ਫਿਲਮਜ਼ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਬਲਕਾਰ ਸਿੰਘ ਬਰਾੜ, ਸਹਿ ਨਿਰਮਾਤਾ ਦਲਵਿੰਦਰ ਕੰਗ, ਵਿਨੋਦ ਕੁਮਾਰ ਅਤੇ ਮਨਪ੍ਰੀਤ ਸਿੰਘ ਹਨ, ਜਦਕਿ ਨਿਰਦੇਸ਼ਨ ਕਮਾਂਡ ਟੀਜੇ ਦੁਆਰਾ ਸੰਭਾਲੀ ਗਈ ਹੈ।
ਪੰਜਾਬ ਦੇ ਦੁਆਬਾ ਖੇਤਰ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਡਬਿੰਗ ਕਾਰਜ ਸੁਪਰ ਸੋਨਿਕ ਸਟੂਡਿਓ ਜਲੰਧਰ ਅਤੇ ਮਿਕਸ ਸਿੰਘ ਸਟੂਡੀਓਜ਼ ਮੋਹਾਲੀ ਤੋਂ ਇਲਾਵਾ ਸਿੱਧੂ ਸੁਪਰ ਸਾਊਂਡ ਲੁਧਿਆਣਾ ਵਿਖੇ ਨੇਪਰੇ ਚਾੜ੍ਹੇ ਗਏ ਹਨ।
"ਜਿਸ ਜ਼ਮੀਨ 'ਤੇ ਮਾਲਿਕ ਕਾਸ਼ਤਕਾਰ ਨਹੀਂ, ਉਹ ਖੋਹ ਲਈ ਜਾਵੇਗੀ' ਦੀ ਟੈਗ ਲਾਈਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦਾ ਲੇਖਨ ਵੀ ਬਲਕਾਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਮਿਊਜ਼ਿਕ ਬੱਧਤਾ ਬੀਟ ਮੇਕਰਜ਼ ਦੁਆਰਾ ਕੀਤੀ ਗਈ ਹੈ।
ਸਮਾਜਿਕ ਸਰੋਕਾਰਾਂ, ਪੰਜਾਬ ਦੇ ਕਰੰਟ ਮੁੱਦਿਆਂ ਦੇ ਨਾਲ-ਨਾਲ ਕਿਸਾਨੀ ਮਸਲਿਆਂ ਦੀ ਗੱਲ ਕਰਦੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਸਰਦਾਰ ਸੋਹੀ, ਡਾ. ਸਾਹਿਬ ਸਿੰਘ, ਸ਼ਵਿੰਦਰ ਮਾਹਲ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਪਰਮਿੰਦਰ ਗਿੱਲ, ਭੋਟੂ ਸ਼ਾਹ, ਹੈਰੀ ਸਚਦੇਵਾ ਆਦਿ ਸ਼ੁਮਾਰ ਹਨ, ਜਿਸ ਤੋਂ ਇਲਾਵਾ ਕੈਨੇਡਾ ਆਧਾਰਿਤ ਅਦਾਕਾਰਾ ਸਪਨਾ ਬਸੀ ਅਤੇ ਟੈਲੀਵਿਜ਼ਨ ਦੀ ਦੁਨੀਆ ਦਾ ਵੱਡਾ ਨਾਂਅ ਮੰਨੇ ਜਾਂਦੇ ਗੁਲਸ਼ਨ ਪਾਂਡੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜੋ 'ਕ੍ਰਾਈਮ ਪੈਟਰੋਲ', 'ਸੀਆਈਡੀ' ਜਿਹੇ ਕਈ ਲੋਕਪ੍ਰਿਯ ਸੀਰੀਅਲ ਤੋਂ ਇਲਾਵਾ 'ਪੀ.ਕੇ' ਅਤੇ 'ਗੂਜ਼ਨ ਸਕਸੈਨਾ' ਆਦਿ ਜਿਹੀਆਂ ਕਈ ਬਿੱਗ ਸੈਟਅੱਪ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।
ਮੇਨ ਸਟ੍ਰੀਮ ਸਿਨੇਮਾ ਤੋਂ ਅਲੱਗ ਹੱਟ ਕੇ ਬਣਾਈ ਜਾ ਰਹੀ ਹੈ ਇਹ ਫਿਲਮ, ਜਿਸ ਦੁਆਰਾ ਲੰਮੇ ਸਮੇਂ ਬਹੁਤ ਬਾਲੀਵੁੱਡ 'ਚ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧੇਗੀ ਅਦਾਕਾਰਾ ਸਪਨਾ ਬਸੀ, ਜਿੰਨ੍ਹਾਂ ਅਨੁਸਾਰ ਨਿਵੇਕਲੇ ਵਿਸ਼ੇ ਸਾਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਚੁਣੌਤੀਪੂਰਨ ਹੈ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ।