ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਨਿਵੇਕਲੀ ਫਿਲਮ ਵਜੋਂ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਦਿਲ ਅਵਾਰਾ', ਜਿਸ ਦਾ ਰਸਮੀ ਐਲਾਨ ਅਤੇ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਜੱਟ ਐਂਡ ਜੂਲੀਅਟ 3' ਜਿਹੀਆਂ ਕਈ ਬਹੁ-ਚਰਚਿਤ ਅਤੇ ਸੁਪਰ-ਡੁਪਰ ਹਿੱਟ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਸਮਰ ਸਿੰਘ ਚੌਹਾਨ ਕਰਨਗੇ, ਜੋ ਇਸ ਤੋਂ ਪਹਿਲਾਂ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ।
ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਸ਼ਾਨਦਾਰ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਸਮਰ ਸਿੰਘ ਚੌਹਾਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਰੁਮਾਂਟਿਕ ਡਰਾਮਾ ਅਤੇ ਸੰਗੀਤਮਈ ਫਿਲਮ ਦੁਆਰਾ ਕਈ ਨਵੇਂ ਚਿਹਰੇ ਪੰਜਾਬੀ ਸਿਨੇਮਾ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣਗੇ, ਜਿੰਨ੍ਹਾਂ ਵਿੱਚ ਨਵਦੀਸ਼ ਅਰੋੜਾ, ਆਲੀਆ ਹਮੀਦੀ, ਮੋਨਿਕਾ ਸ਼ਰਮਾ, ਅੰਗਦ ਅਸੀਜਾ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਵਰਸਟਾਈਲ ਐਕਟਰ ਮਿੰਟੂ ਕਾਪਾ ਵੀ ਇੱਕ ਨਵੇਂ ਅਵਤਾਰ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।