ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਸੁਮੇਲਤਾ ਦਾ ਸਿਲਸਿਲਾ ਨਵਾਂ ਨਹੀਂ ਬਲਕਿ ਦਹਾਕਿਆਂ ਪੁਰਾਣਾ ਹੈ, ਜਿਸ ਨੂੰ ਇਸ ਵਰ੍ਹੇ 2025 'ਚ ਹੋਰ ਪ੍ਰਭਾਵੀ ਰੰਗ ਦੇਣ ਜਾ ਰਹੀਆਂ ਹਨ ਪੰਜਾਬੀ ਸਿਨੇਮਾ ਦੀਆਂ ਕੁਝ ਮੰਨੀਆਂ-ਪ੍ਰਮੰਨੀਆਂ ਸੁੰਦਰੀਆਂ, ਜੋ ਜਲਦ ਰਿਲੀਜ਼ ਹੋਣ ਜਾ ਰਹੀਆਂ ਹਿੰਦੀ ਫਿਲਮਾਂ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੀਆਂ।
ਪੰਜਾਬ ਤੋਂ ਬਾਅਦ ਮੁੰਬਈ ਗਲੈਮਰ ਗਲਿਆਰਿਆਂ ਵਿੱਚ ਅਪਣੀ ਧਾਂਕ ਜਮਾਉਣ ਵੱਲ ਵੱਧ ਚੁੱਕੇ ਅਜਿਹੇ ਹੀ ਆਕਰਸ਼ਕ ਚਿਹਰਿਆਂ ਵੱਲ ਆਓ ਮਾਰਦੇ ਹਾਂ ਇੱਕ ਝਾਤ:
ਨੀਰੂ ਬਾਜਵਾ
ਪੰਜਾਬੀ ਸਿਨੇਮਾ ਦੇ ਖਿੱਤੇ 'ਚ ਉੱਚ-ਕੋਟੀ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ, ਜੋ ਸਾਹਮਣੇ ਆਉਣ ਜਾ ਰਹੀ ਵੱਡੀ ਹਿੰਦੀ ਫਿਲਮ 'ਸੰਨ ਆਫ਼ ਸਰਦਾਰ 2' ਦੁਆਰਾ ਬਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ।
'ਦੇਵਗਨ ਫਿਲਮਜ਼' ਅਤੇ 'ਜਿਓ ਸਟੂਡਿਓਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਕਰ ਰਹੇ ਹਨ, ਜੋ ਇਸ ਫਿਲਮ ਵਿੱਚ ਲੀਡ ਭੂਮਿਕਾ ਵੀ ਅਦਾ ਕਰ ਰਹੇ ਹਨ। ਹਿੰਦੀ ਸਿਨੇਮਾ ਦੀ ਇਸ ਸਾਲ ਦੀ ਬਹੁ-ਕਰੋੜੀ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਨਜ਼ਰੀ ਪਵੇਗੀ ਇਹ ਬਾਕਮਾਲ ਅਦਾਕਾਰਾ, ਜੋ ਸੰਜੇ ਦੱਤ, ਚੰਕੀ ਪਾਂਡੇ, ਵਿੰਦੂ ਦਾਰਾ ਸਿੰਘ, ਮ੍ਰਿਣਾਲ ਠਾਕੁਰ ਆਦਿ ਜਿਹੇ ਨਾਮੀ ਗਿਰਾਮੀ ਐਕਟਰਜ਼ ਨਾਲ ਅਪਣੀ ਸਕ੍ਰੀਨ ਪ੍ਰੈਜੈਂਸ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਏਗੀ।
ਸੋਨਮ ਬਾਜਵਾ
ਸਾਲ 2014 ਵਿੱਚ ਆਈ ਤੇਲਗੂ ਫਿਲਮ 'ਕਪਲ' ਨਾਲ ਅਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਅੱਜ ਪਾਲੀਵੁੱਡ ਦੇ ਵੱਡੇ ਨਾਂਅ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜੋ ਜਲਦ ਹੀ ਬਾਲੀਵੁੱਡ ਵਿੱਚ ਅਪਣੀ ਅਪਣੀ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੀ ਹੈ, ਜਿੰਨ੍ਹਾਂ ਦੀ ਟਾਈਗਰ ਸ਼ਰਾਫ ਸਟਾਰਰ ਇਸ ਨਵੀਂ ਹਿੰਦੀ ਸਿਨੇਮਾ ਆਮਦ ਦਾ ਮੁੱਢ ਬੰਨ੍ਹਣ ਜਾ ਰਹੀ ਹੈ 'ਬਾਗੀ 4'।
ਇਸ ਤੋਂ ਇਲਾਵਾ ਅਪਣੀ ਜਿਸ ਇੱਕ ਹੋਰ ਹਿੰਦੀ ਫਿਲਮ ਲਈ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਇਹ ਦਿਲਕਸ਼ ਅਦਾਕਾਰਾ, ਉਹ ਹੈ 'ਹਾਊਸਫੁੱਲ 5', ਜਿਸ ਦੀ ਸਟਾਰ-ਕਾਸਟ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਫਰਦੀਨ ਖਾਨ, ਜੈਕਲਿਨ ਫਰਨਾਂਡਿਸ ਸਮੇਤ ਕਈ ਵੱਡੇ ਐਕਟਰਜ਼ ਸ਼ਾਮਿਲ ਹਨ।
ਹਰਨਾਜ਼ ਸੰਧੂ
ਮਿਸ ਯੂਨੀਵਰਸ 2021 ਦਾ ਖਿਤਾਬ ਹਾਸਿਲ ਕਰ ਚੁੱਕੀ ਹਰਨਾਜ਼ ਸੰਧੂ ਪਾਲੀਵੁੱਡ ਦੀਆਂ ਦੋ ਬਹੁ-ਚਰਚਿਤ ਫਿਲਮਾਂ 'ਬਾਈ ਜੀ ਕੁੱਟਣਗੇ' (2022) ਅਤੇ 'ਯਾਰਾਂ ਦੀਆਂ ਪੌਂ ਬਾਰਾਂ' (2023) ਦਾ ਪ੍ਰਭਾਵੀ ਹਿੱਸਾ ਰਹਿ ਚੁੱਕੀ ਹੈ, ਜੋ ਵੀ ਹੁਣ ਬਾਲੀਵੁੱਡ ਪਰਵਾਜ਼ ਭਰਨ ਜਾ ਰਹੀਆਂ ਪੰਜਾਬੀ ਅਦਾਕਾਰਾਂ ਵਿੱਚ ਅਪਣੀ ਸ਼ਮੂਲੀਅਤ ਦਰਜ ਕਰਵਾ ਚੁੱਕੀ ਹੈ। ਪੰਜਾਬੀ ਤੋਂ ਬਾਅਦ ਹੁਣ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵੱਲ ਕਦਮ ਵਧਾ ਚੁੱਕੀ ਇਸ ਬਿਊਟੀ ਕੁਈਨ ਦੀ ਇਸ ਖਿੱਤੇ ਵਿੱਚ ਪਹਿਲੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਬਹੁ-ਚਰਚਿਤ ਹਿੰਦੀ ਫਿਲਮ 'ਬਾਗੀ 4', ਜਿਸ ਦਾ ਨਿਰਦੇਸ਼ਨ ਏ ਹਰਸ਼ ਦੁਆਰਾ ਕੀਤਾ ਜਾ ਰਿਹਾ ਹੈ। 05 ਸਤੰਬਰ 2025 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਲੀਡਿੰਗ ਐਕਟਰਜ਼ ਟਾਈਗਰ ਸ਼ਰਾਫ, ਸੰਜੇ ਦੱਤ ਅਤੇ ਸੋਨਮ ਬਾਜਵਾ ਵੀ ਸ਼ੁਮਾਰ ਹਨ।
ਰਹਿਮਤ ਰਤਨ
ਸਾਲ 2022 ਵਿੱਚ ਆਈ ਅਤੇ ਨੈੱਟਫਲਿਕਸ ਉਪਰ ਸਟ੍ਰੀਮ ਹੋਈ ਥ੍ਰਿਲਰ ਵੈੱਬ ਸੀਰੀਜ਼ 'ਕੈਟ' ਨਾਲ ਮੁੰਬਈ ਗਲਿਆਰਿਆਂ ਵਿੱਚ ਪ੍ਰਭਾਵੀ ਦਸਤਕ ਦਰਜ ਕਰਵਾਉਣ ਵਿੱਚ ਸਫ਼ਲ ਰਹੀ ਪੰਜਾਬੀ ਮਾਡਲ ਅਤੇ ਅਦਾਕਾਰਾ ਰਹਿਮਤ ਰਤਨ, ਜੋ ਇਸ ਨਵ ਵਰ੍ਹੇ 2025 ਵਿੱਚ ਕੁਝ ਹੋਰ ਬਾਲੀਵੁੱਡ ਪ੍ਰੋਜੈਕਟਸ ਵਿੱਚ ਵੀ ਅਪਣੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਨੂੰ ਕਰਵਾਏਗੀ। ਪੰਜਾਬੀ ਮਿਊਜ਼ਿਕ ਵੀਡੀਓਜ਼ ਖੇਤਰ ਦੇ ਚਰਚਿਤ ਚਿਹਰੇ ਵਜੋਂ ਸ਼ੁਮਾਰ ਕਰਵਾਉਂਦੀ ਇਹ ਪ੍ਰਤਿਭਾਵਾਨ ਅਦਾਕਾਰਾ ਅਪਣੇ ਨਵੇਂ ਹਿੰਦੀ ਪ੍ਰੋਜੈਕਟਸ ਨੂੰ ਲੈ ਕੇ ਇੰਨੀ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: