Daru Na Pinda Hove Public Review (etv bharat) ਚੰਡੀਗੜ੍ਹ:ਦੁਨੀਆ ਭਰ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਅਮਰਿੰਦਰ ਗਿੱਲ ਇੱਕ ਵਾਰ ਫਿਰ ਲੋਕ-ਮਨਾਂ ਵਿੱਚ ਅਪਣੀ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ।
'ਬਰੋਕਸਵੁੱਡ ਫਿਲਮਜ਼' ਵੱਲੋਂ ਪੇਸ਼ ਕੀਤੀ ਗਈ ਇਸ ਸੋਸ਼ਲ ਡ੍ਰਾਮਾ ਅਤੇ ਪਰਿਵਾਰਿਕ ਫਿਲਮ ਦਾ ਨਿਰਦੇਸ਼ਨ ਰਾਜੀਵ ਧਿੰਗੜਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਕਪਿਲ ਸ਼ਰਮਾ ਸਟਾਰਰ 'ਫਿਰੰਗੀ', ਰਣਜੀਤ ਬਾਵਾ ਦੀ 'ਤਾਰਾ ਮੀਰਾ' ਅਤੇ ਅਮਰਿੰਦਰ ਗਿੱਲ ਦੀ ਹੀ ਸੁਪਰ-ਡੁਪਰ ਹਿੱਟ ਰਹੀ ਫਿਲਮ 'ਲਵ ਪੰਜਾਬ' ਆਦਿ ਸ਼ਾਮਿਲ ਰਹੀ ਹੈ।
ਨਸ਼ਿਆਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਉੱਪਰ ਸਾਹਮਣੇ ਆਉਣ ਵਾਲੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦੀ ਇਸ ਫਿਲਮ ਵਿੱਚ ਅਮਰਿੰਦਰ ਗਿੱਲ, ਜਫਰੀ ਖਾਨ, ਸੋਹਾਲਿਆ ਕੌਰ, ਪੁਖਰਾਜ ਸਿੰਘ ਸੰਧੂ,ਪਿੰਨੂ ਸੇਖੋਂ ਅਤੇ ਨੈਨਾ ਬੱਤਰਾ ਆਦਿ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।
ਵਿਦੇਸ਼ਾਂ ਦੀਆਂ ਖੂਬਸੂਰਤ ਲੋਕੇਸ਼ਨਜ਼ ਉਪਰ ਸ਼ੂਟ ਕੀਤੀ ਇਸ ਭਾਵਨਾਤਮਕ ਫਿਲਮ ਦੁਆਰਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਾਣੇ ਅਣਜਾਨੇ ਅਤੇ ਕਿਸੇ ਦੇ ਕਹਿਣੇ 'ਚ ਆ ਕੇ ਕੀਤਾ ਗਿਆ ਨਸ਼ਿਆਂ ਦਾ ਸੇਵਨ ਕਿਸ ਤਰ੍ਹਾਂ ਜੀਵਨ ਵਿੱਚ ਉਥਲ-ਪੁਥਲ ਪੈਦਾ ਕਰ ਸਕਦਾ ਹੈ।
ਵਰਲਡ-ਵਾਈਡ ਰਿਲੀਜ਼ ਹੋਈ ਇਸ ਅਰਥ-ਭਰਪੂਰ ਫਿਲਮ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਦਰਸ਼ਕਾਂ ਦੀ ਰਾਏ ਵੀ ਜਾਣੀ ਗਈ, ਜਿੰਨ੍ਹਾਂ ਦੱਸਿਆ ਕਿ ਫੈਮਿਲੀ ਓਰੀਐਟਡ ਇਹ ਫਿਲਮ ਹਰ ਪਰਿਵਾਰ ਲਈ ਦੇਖਣਯੋਗ ਹੈ, ਜਿਸਨੂੰ ਬੱਚਿਆਂ ਅਤੇ ਟੀਨ ਏਜ਼ਰ ਨੂੰ ਵੀ ਜ਼ਰੂਰ ਦਿਖਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਸਾਰੂ ਸੇਧ ਦੇਣ ਵਿੱਚ ਵੀ ਮਦਦ ਮਿਲੇਗੀ।
ਓਧਰ ਚਾਰੇ ਪਾਸੇ ਤੋਂ ਪ੍ਰਸ਼ੰਸਾ ਹਾਸਿਲ ਕਰ ਰਹੀ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਜਫਰੀ ਖਾਨ ਅਤੇ ਅਮਰਿੰਦਰ ਗਿੱਲ ਪਹਿਲੀ ਵਾਰ ਇਸ ਫਿਲਮ ਦੁਆਰਾ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਕੈਮਿਸਟਰੀ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।