ਮੁੰਬਈ: ਨਾਗ ਅਸ਼ਵਿਨ ਦੀ ਫਿਲਮ 'ਕਲਕੀ 2898 AD' ਨੇ ਆਪਣੀ ਧਮਾਕੇਦਾਰ ਕਮਾਈ ਨਾਲ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਕਮਲ ਹਾਸਨ ਦੀ ਕਾਸਟ ਦੇ ਜਾਦੂ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।
ਫਿਲਮ ਨੇ ਦੁਨੀਆ ਭਰ 'ਚ 625 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੋਮਵਾਰ ਨੂੰ ਕਲੈਕਸ਼ਨ ਵਿੱਚ 60 ਪ੍ਰਤੀਸ਼ਤ ਦੀ ਗਿਰਾਵਟ ਦੇ ਬਾਵਜੂਦ ਫਿਲਮ ਮੰਗਲਵਾਰ ਨੂੰ ਆਪਣੀ ਗਤੀ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ।
ਸੈਕਨਿਲਕ ਦੇ ਅਨੁਸਾਰ 'ਕਲਕੀ 2898 AD' ਨੇ ਆਪਣੇ ਛੇਵੇਂ ਦਿਨ ਸਾਰੀਆਂ ਭਾਸ਼ਾਵਾਂ ਵਿੱਚ 27.85 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ ਵਿੱਚ ਹਿੰਦੀ (14 ਕਰੋੜ ਰੁਪਏ), ਤੇਲਗੂ (11.2 ਕਰੋੜ ਰੁਪਏ), ਤਾਮਿਲ (1.2 ਕਰੋੜ ਰੁਪਏ), ਕੰਨੜ (0.25 ਰੁਪਏ) ਅਤੇ ਮਲਿਆਲਮ (1.2 ਕਰੋੜ) ਸ਼ਾਮਿਲ ਹਨ। 6 ਦਿਨਾਂ ਬਾਅਦ ਭਾਰਤੀ ਬਾਕਸ ਆਫਿਸ 'ਤੇ ਫਿਲਮ ਦਾ ਕੁੱਲ ਕਲੈਕਸ਼ਨ 371 ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ।
ਛੇ ਦਿਨਾਂ ਦੀ ਕਮਾਈ ਵਿੱਚ ਤੇਲਗੂ ਬੋਲਣ ਵਾਲੇ ਖੇਤਰਾਂ ਦਾ ਸਭ ਤੋਂ ਵੱਡਾ ਯੋਗਦਾਨ 193.2 ਕਰੋੜ ਰੁਪਏ ਹੈ। ਹਿੰਦੀ 142 ਕਰੋੜ ਰੁਪਏ ਕਮਾ ਕੇ ਦੂਜੇ ਸਭ ਤੋਂ ਵੱਡੇ ਬਾਜ਼ਾਰ ਵਜੋਂ ਉੱਭਰੀ ਹੈ। ਇਸਨੇ ਤਾਮਿਲ, ਕੰਨੜ ਅਤੇ ਮਲਿਆਲਮ ਬਾਜ਼ਾਰਾਂ ਵਿੱਚ ਕ੍ਰਮਵਾਰ 21 ਕਰੋੜ ਰੁਪਏ, 2.4 ਕਰੋੜ ਰੁਪਏ ਅਤੇ 12.4 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ਦੁਨੀਆ ਭਰ 'ਚ 800 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਕੇ ਇਹ ਸਾਲ ਦੀ ਪਹਿਲੀ ਬਲਾਕਬਸਟਰ ਬਣਨ ਵੱਲ ਵੱਧ ਰਹੀ ਹੈ।
ਫਿਲਮ ਨੂੰ ਨਾ ਸਿਰਫ ਸਮੀਖਿਅਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ ਸਗੋਂ ਫਿਲਮ ਜਗਤ ਤੋਂ ਵੀ ਕਾਫੀ ਤਾਰੀਫ ਮਿਲ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਵਰੁਣ ਧਵਨ, ਅਰਜੁਨ ਕਪੂਰ, ਨੌਜਵਾਨ ਨਿਰਦੇਸ਼ਕ ਐਂਟਲੀ ਨੇ ਫਿਲਮ ਦੀ ਤਾਰੀਫ ਕੀਤੀ ਹੈ।