ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣਤਾ ਭਰੀ ਗਾਇਕੀ ਦਾ ਪ੍ਰਗਟਾਵਾ ਬਰਾਬਰਤਾ ਨਾਲ ਕਰਵਾ ਰਹੇ ਹਨ, ਚਰਚਿਤ ਅਤੇ ਵਿਵਾਦਿਤ ਫ਼ਨਕਾਰ ਸ਼੍ਰੀ ਬਰਾੜ, ਜੋ ਆਪਣਾ ਨਵਾਂ ਗੀਤ 'ਅੰਮੀ ਵਰਗੀਏ ਨੀ' ਲੈ ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਪ੍ਰਭਾਵੀ ਗਾਇਕੀ ਦਾ ਇਜ਼ਹਾਰ ਕਰਵਾਉਂਦਾ ਇਹ ਟ੍ਰੈਕ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋਣ ਜਾ ਰਿਹਾ ਹੈ।
ਸ਼੍ਰੀ ਬਰਾੜ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਅਤੇ ਸੰਗੀਤ ਦਾ ਸੰਯੋਜਨ ਵੀ ਸ਼੍ਰੀ ਬਰਾੜ ਵੱਲੋਂ ਖੁਦ ਕੀਤਾ ਗਿਆ ਹੈ। ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਭਾਵਪੂਰਨ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਦਿਲਕਸ਼ ਮਾਡਲ ਅਤੇ ਅਦਾਕਾਰਾ ਗਿੰਨੀ ਕਪੂਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਦੀਆਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਉਕਤ ਗਾਣੇ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸ਼੍ਰੀ ਫਿਲਮਜ਼ ਦੁਆਰਾ ਕੀਤੀ ਗਈ ਹੈ। ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਣੇ ਰਹੇ ਹਨ ਇਹ ਸ਼ਾਨਦਾਰ ਗਾਇਕ, ਜਿੰਨ੍ਹਾਂ ਵਿੱਚ 'ਵਨਸ ਅਪਾਨ ਏ ਟਾਈਮ ਇਨ ਕਰਾਂਚੀ', 'ਤਰੀਕਾਂ', 'ਯੱਕੇ', 'ਬੇੜੀਆਂ' ਆਦਿ ਸ਼ੁਮਾਰ ਰਹੇ ਹਨ, ਜੋ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ। 'ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ', 'ਭਾਬੀ’, 'ਵੈਲ' ਜਿਹੇ ਕਈ ਚਰਚਿਤ ਅਤੇ ਸੁਪਰ ਹਿੱਟ ਗਾਣਿਆ ਦਾ ਗਾਇਨ ਕਰ ਚੁੱਕੇ ਹਨ ਇਹ ਬਾਕਮਾਲ ਗਾਇਕ, ਜੋ ਸਮੇਂ ਦਰ ਸਮੇਂ ਵਿਵਾਦਾਂ ਵਿੱਚ ਵੀ ਘਿਰਦੇ ਆ ਰਹੇ ਹਨ।
ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਵਜ਼ੂਦ ਵਿੱਚ ਲਿਆਂਦੇ ਅਪਣੇ ਕਿਸਾਨ 'ਐਂਥਮ' ਗੀਤ ਦੁਆਰਾ ਵੀ ਚੌਖੀ ਭੱਲ ਕਾਇਮ ਕਰਨ ਵਿੱਚ ਸਫ਼ਲ ਰਹੇ ਸਨ ਇਹ ਹੋਣਹਾਰ ਗਾਇਕ। ਜਿੰਨ੍ਹਾਂ ਨੂੰ ਅਪਣੇ ਗਾਣੇ 'ਮਰਡਰ' ਲਈ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਭੜਕਾਊ ਗਾਣੇ ਵਜੋਂ ਸ਼ੁਮਾਰ ਕਰਦਿਆਂ ਪੰਜਾਬ ਦੇ ਕੁਝ ਸੀਨੀਅਰ ਵਕੀਲਾਂ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਉਕਤ ਗਾਇਕ ਅਤੇ ਗਾਣੇ ਖਿਲਾਫ਼ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ: