ਚੰਡੀਗੜ੍ਹ: ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ ਦਿੱਗਜ ਅਦਾਕਾਰ ਗੁਰਮੀਤ ਸਾਜਨ, ਜੋ ਇੰਨੀ ਦਿਨੀਂ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਅਪਣੀ ਆਉਣ ਵਾਲੀ ਪੰਜਾਬੀ ਫਿਲਮ 'ਉੱਡਣਾ ਸੱਪ' ਨੂੰ ਲੈ ਕੇ ਆਕਰਸ਼ਣ ਅਤੇ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਦੇ ਇਸੇ ਨਵੇਂ ਉੱਦਮ ਅਤੇ ਕਰੀਅਰ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਬਾਰੇ ਉਨ੍ਹਾਂ ਨਾਲ ਕਰਦੇ ਹਾਂ ਕੁਝ ਵਿਸ਼ੇਸ਼ ਗੱਲਬਾਤ:
ਪੰਜਾਬੀ ਸਿਨੇਮਾ ਦੇ ਅਜ਼ੀਮ ਅਦਾਕਾਰ ਗੁਰਮੀਤ ਸਾਜਨ ਅਨੁਸਾਰ ਪੰਜਾਬੀ ਸਾਹਿਤ ਗਲਿਆਰਿਆਂ ਵਿੱਚ ਸਤਿਕਾਰਤ ਭੱਲ ਰੱਖਦੇ ਜੀਤ ਸੰਧੂ ਦੇ ਇੱਕ ਮਸ਼ਹੂਰ ਨਾਵਲ ਉੱਪਰ ਆਧਾਰਿਤ ਹੈ, ਉਨ੍ਹਾਂ ਦੀ ਇਹ ਅਰਥ-ਭਰਪੂਰ ਫਿਲਮ, ਜੋ ਪੰਜਾਬੀ ਸਿਨੇਮਾ ਅਤੇ ਸਾਹਿਤ ਦੀ ਅਨੂਠੀ ਸੁਮੇਲਤਾ ਦਾ ਵੀ ਖੂਬਸੂਰਤ ਪ੍ਰਗਟਾਵਾ ਕਰਵਾਏਗੀ।
'ਵਿਨਰਸ ਫਿਲਮਜ਼ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਅਤੇ ਨੌਜਵਾਨ ਫਿਲਮਕਾਰ ਮਨਜੀਤ ਟੋਨੀ ਦੀ ਸੁਚੱਜੀ ਸੁਪਰਵਿਜ਼ਨ ਹੇਠ ਵਜੂਦ ਲੈ ਰਹੀ ਇਸ ਫਿਲਮ ਵਿੱਚ ਨਿਭਾਏ ਜਾ ਰਹੇ ਅਪਣੇ ਰੋਲ ਬਾਰੇ ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿੱਚ ਅਜਿਹਾ ਨੈਗੇਟਿਵ ਕਿਰਦਾਰ ਪਲੇਅ ਕਰ ਰਿਹਾ ਹਾਂ, ਜੋ ਇਨਸਾਨ ਦੇ ਵਿਅਕਤੀਤੱਵ ਨਾਲ ਜੁੜੇ ਵੱਖ ਵੱਖ ਸੁਭਾਵਾਂ ਨੂੰ ਪ੍ਰਤੀਬਿੰਬ ਕਰੇਗਾ, ਜਿਸ ਵਿੱਚ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਇੱਕ ਹੋਰ ਬਿਲਕੁਲ ਜੁਦਾ ਰੂਪ ਵੇਖਣ ਨੂੰ ਮਿਲੇਗਾ।
ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਬੇਸ਼ੁਮਾਰ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਵੱਲੋਂ 'ਅੰਗ੍ਰੇਜ਼', 'ਰੱਬ ਦਾ ਰੇਡਿਓ', 'ਦਾਣਾ ਪਾਣੀ', 'ਕਾਲਾ ਸ਼ਾਹ ਕਾਲਾ', 'ਨਿੱਕਾ ਜ਼ੈਲਦਾਰ', 'ਲੋਂਗ ਲਾਚੀ' 2, 'ਸਤਿ ਸ਼੍ਰੀ ਅਕਾਲ', 'ਸਰਵਣ', 'ਸਾਹਿਬ ਬਹਾਦਰ', 'ਲਵ ਪੰਜਾਬ' ਅਤੇ ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਬਾਲੀਵੁੱਡ ਦੀ ਚਰਚਿਤ ਸੀਕਵਲ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਮਹੱਤਵਪੂਰਨ ਹਿੱਸਾ ਰਹੇ ਇਸ ਸ਼ਾਨਦਾਰ ਅਦਾਕਾਰ ਪਾਸੋਂ ਪੌਜੀਟਿਵ ਤੋਂ ਨੈਗੇਟਿਵ ਵਾਲੇ ਪਾਸੇ ਮੁੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਅਦਾਕਾਰ ਦੇ ਰੂਪ ਵਿੱਚ ਕੇਵਲ ਰੋਲ ਦੀ ਡੂੰਘਾਈ ਵੇਖਦਾ ਹਾਂ ਅਤੇ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ ਤਾਂ ਕਿ ਦਰਸ਼ਕਾਂ ਨੂੰ ਵੀ ਮੇਰੇ ਅੰਦਰਲੇ ਕਲਾਕਾਰ ਦੇ ਵੱਖ-ਵੱਖ ਰੂਪ ਅਤੇ ਨਵਾਂਪਣ ਵੇਖਣ ਨੂੰ ਮਿਲ ਸਕੇ।
ਇਹ ਵੀ ਪੜ੍ਹੋ: