ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣਤਾ ਭਰੀ ਮਿਆਰੀ ਗਾਇਕੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਨੌਜਵਾਨ ਗਾਇਕ ਪ੍ਰਦੀਪ ਸਿੰਘ ਸਰਾਂ, ਜੋ ਅਪਣਾ ਨਵਾਂ ਗਾਣਾ 'ਜ਼ੰਜੀਰੀ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਤੇ ਪ੍ਰਭਾਵੀ ਅਵਾਜ਼ ਵਿੱਚ ਸਜਿਆ ਇਹ ਗਾਣਾ ਭਲਕੇ 09 ਅਗਸਤ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਰੈਡ ਲੀਫ' ਅਤੇ 'ਗੋਲਡੀ ਕੇਹਲ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਖੂਬਸੂਰਤ ਗਾਣੇ ਦਾ ਸੰਗੀਤ ਗੈਫੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਗੁਰਜਸ ਸਿੱਧੂ ਨੇ ਰਚੇ ਹਨ।
ਨੌਜਵਾਨ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਅਤੇ ਬੀਟ ਸੋਂਗ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਗਾਇਕਾ ਸਰਘੀ ਮਾਨ ਦੀ ਕਲੋਬਰੇਸ਼ਨ ਅਤੇ ਚਰਚਿਤ ਮਾਡਲ ਸ਼ਰੂਤੀ ਵੱਲੋਂ ਕੀਤੀ ਫੀਚਰਿੰਗ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਨਿਰਮਾਤਾਵਾ ਹੈਪੀ ਕੇਹਲ, ਗੋਲਡੀ ਕੇਹਲ ਵੱਲੋਂ ਆਹਲਾ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਉਕਤ ਸੰਗੀਤਕ ਪ੍ਰੋਜੈਕਟ ਦੇ ਹੈੱਡ ਜਸ ਸਿੱਧੂ ਹਨ। ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹਿਤੇਸ਼ ਅਰੋੜਾ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਅਤੇ ਵੱਡੇ ਗਾਣਿਆ ਨਾਲ ਜੁੜੇ ਰਹੇ ਹਨ।
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਬਠਿੰਡਾ ਨਾਲ ਸੰਬੰਧਤ ਗਾਇਕ ਪ੍ਰਦੀਪ ਸਰਾਂ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਗਾਇਕੀ ਪਿੜ 'ਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ।
ਪੀਟੀਸੀ ਪੰਜਾਬੀ ਦੇ ਲੋਕਪ੍ਰਿਯ ਸੰਗੀਤਕ ਸ਼ੋਅ 'ਵੋਇਸ ਆਫ਼ ਪੰਜਾਬ ਸੀਜ਼ਨ 2' ਦੇ ਜੇਤੂ ਅਤੇ "ਇੰਡੀਆਜ਼ ਰਾਅ ਸਟਾਰ" ਦੇ ਚੋਟੀ ਦੇ 6 ਗਾਇਕਾਂ ਵਿੱਚ ਸ਼ੁਮਾਰ ਰਹੇ ਇਸ ਹੋਣਹਾਰ ਗਾਇਕ ਦੀ ਇਸ ਗੱਲੋਂ ਵੀ ਸਲਾਹੁਤਾ ਕਰਨੀ ਬਣਦੀ ਹੈ ਕਿ ਉਨ੍ਹਾਂ ਇਸ ਖਿੱਤੇ ਵਿੱਚ ਸਥਾਪਤੀ ਲਈ ਸ਼ਾਰਟ ਕੱਟ ਰਾਹ ਅਪਨਾਉਣੋਂ ਹਮੇਸ਼ਾ ਹੀ ਪ੍ਰਹੇਜ਼ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਨੌਜਵਾਨ ਪੀੜੀ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਲੋਂ ਉਨ੍ਹਾਂ ਦੀ ਗਾਇਕੀ ਨੂੰ ਰੱਜਵੇਂ ਪਿਆਰ ਅਤੇ ਸਨੇਹ ਨਾਲ ਨਿਵਾਜਿਆ ਜਾ ਰਿਹਾ ਹੈ।