ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਬਰੂਹਾਂ ਢੁਕਣ ਜਾ ਰਹੀਆਂ ਬਿਹਤਰੀਨ ਪੰਜਾਬੀ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ ਪੰਜਾਬੀ ਫਿਲਮ 'ਸ਼ੁਕਰਾਨਾ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਵਰਲਡ-ਵਾਈਡ ਜਾਰੀ ਕੀਤੇ ਜਾਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 27 ਸਤੰਬਰ 2024 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਵਿਲੇਜ਼ਰ ਫਿਲਮ ਸਟੂਡੀਓ' ਅਤੇ 'ਨਿਊ ਇਰਾ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ 'ਨੀਰੂ ਬਾਜਵਾ ਐਂਟਰਟੇਨਮੈਂਟ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਉਕਤ ਫਿਲਮ ਨੂੰ ਬਿੱਗ ਅਤੇ ਮਲਟੀ-ਸਟਾਰਰ ਸੈਟਅੱਪ ਅਧੀਨ ਬਣਾਇਆ ਜਾ ਰਿਹਾ ਹੈ।
ਪਰਿਵਾਰਿਕ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਅਤੇ ਪੁਰਾਤਨ ਵੰਨਗੀਆਂ ਅਧੀਨ ਸੰਜੋਈ ਗਈ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨੀਰੂ ਬਾਜਵਾ, ਜੱਸ ਬਾਜਵਾ, ਅੰਮ੍ਰਿਤ ਮਾਨ ਅਤੇ ਸਿਮਰਨ ਚਾਹਲ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹਰਬੀ ਸੰਘਾ, ਸੀਮਾ ਕੌਸ਼ਲ, ਹਨੀ ਮੱਟੂ, ਬੀਐਨ ਸ਼ਰਮਾ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰੀ ਪੈਣਗੇ।
ਨਿਰਮਾਤਾ ਭਗਵੰਤ ਵਿਰਕ, ਸਹਿ ਨਿਰਮਾਣਕਾਰ ਸੰਤੋਸ਼ ਸੁਭਾਸ਼ ਥਿਟੇ, ਲੱਕੀ ਕੌਰ, ਵਿਵਾਨ ਪਾਠਕ, ਰਿੰਕੂ ਖਹਿਰਾ, ਅਮਰਿੰਦਰ ਭੰਗੂ, ਬੰਪੀ ਸੰਧੂ ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਦੇ ਲੇਖਕ ਜਗਦੀਪ ਵੜਿੰਗ ਅਤੇ ਨਿਰਦੇਸ਼ਨ ਸਿਮਰਜੀਤ ਸਿੰਘ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸਫਲਤਮ ਫਿਲਮਾਂ ਦਾ ਕ੍ਰਮਵਾਰ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਹਿੱਸਾ ਰਹੇ ਹਨ।
ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਫਿਲਮਾਈ ਗਈ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਚਰਨਜੀਤ ਸਿੰਘ, ਮਨਦੀਪ ਸਿੰਘ, ਸਿਨੇਮਾਟੋਗ੍ਰਾਫ਼ਰ ਸੰਦੀਪ ਪਾਟਿਲ, ਸੰਪਾਦਕ ਰੋਹਿਤ ਧੀਮਾਨ, ਕਲਾ ਨਿਰਦੇਸ਼ਕ ਰੋਮੀ ਆਰਟਸ, ਕਾਸਟਿਊਮ ਡਿਜ਼ਾਈਨਰ ਰੋਮਾ ਸ਼ਰਮਾ ਅਤੇ ਲਾਈਨ ਨਿਰਮਾਤਾ ਸੰਨੀ ਸਿੰਘ ਹਨ।
ਪਾਲੀਵੁੱਡ ਦੀਆਂ ਅਗਲੇ ਦਿਨੀਂ ਸਾਹਮਣੇ ਆਉਣ ਵਾਲੀਆਂ ਆਫ ਬੀਟ ਫਿਲਮਾਂ ਦੀ ਸ਼੍ਰੇਣੀ ਵਿੱਚ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਫਿਲਮ ਦੁਆਰਾ ਗਾਇਕ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਇੱਕ ਵਾਰ ਫਿਰ ਅਪਣੀ ਸ਼ਾਨਦਾਰ ਸਕ੍ਰੀਨ ਕੈਮਿਸਟਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ, ਜਿੰਨ੍ਹਾਂ ਦੋਹਾਂ ਵੱਲੋਂ ਇਸ ਤੋਂ ਪਹਿਲਾਂ ਸਾਲ 2018 ਵਿੱਚ ਆਈ 'ਆਟੇ ਦੀ ਚਿੜੀ' ਵਿੱਚ ਇਕੱਠਿਆਂ ਸਕ੍ਰੀਨ ਸ਼ੇਅਰ ਕੀਤੀ ਗਈ ਸੀ।