ਚੰਡੀਗੜ੍ਹ:ਹਾਲ ਹੀ ਵਿੱਚ ਨੈੱਟਫਿਲਕਸ ਉਤੇ ਰਿਲੀਜ਼ ਹੋਈ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਹਿੰਦੀ ਫਿਲਮ 'ਅਮਰ ਸਿੰਘ ਚਮਕੀਲਾ' ਇਸ ਸਾਲ ਦੀਆਂ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ਾਮਿਲ ਹੋ ਗਈ ਹੈ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਕੀਤੀ ਇਸ ਫਿਲਮ ਨੂੰ ਦਰਸ਼ਕ ਅਤੇ ਆਲੋਚਕ ਸਭ ਪਸੰਦ ਕਰ ਰਹੇ ਹਨ ਅਤੇ ਪਿਆਰ ਵੀ ਲੁਟਾ ਰਹੇ ਹਨ। ਇਸ ਤੋਂ ਇਲਾਵਾ ਏਆਰ ਰਹਿਮਾਨ ਦੁਆਰਾ ਦਿੱਤੇ ਗਏ ਸੰਗੀਤ ਦੀ ਵੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।
ਫਿਲਮ ਦੇ ਗੀਤ 'ਬਾਜਾ', 'ਤੂੰ ਕਿਆ ਜਾਣੇ' ਅਤੇ 'ਇਸ਼ਕ ਮਿਟਾਏ' ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮਸ਼ਹੂਰ ਹੋ ਗਏ ਸਨ। ਪਰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਰਿਲੀਜ਼ ਕੀਤਾ ਗਿਆ ਇੱਕ ਗੀਤ 'ਵਿਦਾ ਕਰੋ' ਇਸ ਸਮੇਂ ਲੋਕਾਂ ਦਾ ਕਾਫੀ ਧਿਆਨ ਖਿੱਚ ਰਿਹਾ ਹੈ।
ਫਿਲਮ 'ਅਮਰ ਸਿੰਘ ਚਮਕੀਲਾ' ਦਾ ਇਹ ਗੀਤ ਬਹੁਤ ਹੀ ਭਾਵੁਕ ਕਰਨ ਵਾਲਾ ਹੈ, ਜੋ ਕਿ ਫਿਲਮ ਵਿੱਚ ਚਮਕੀਲਾ ਅਤੇ ਉਸਦੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਗਾਇਆ ਜਾਂਦਾ ਹੈ। ਇਹ ਗੀਤ ਦੋਵਾਂ ਗਾਇਕਾਂ ਲਈ ਦਿਲ ਨੂੰ ਛੂਹ ਜਾਣ ਵਾਲੀ ਵਿਦਾਇਗੀ ਹੈ। ਇਹ ਗੀਤ ਚਮਕੀਲਾ ਦੀ ਜ਼ਿੰਦਗੀ ਦੌਰਾਨ ਉਸਦੇ ਨਿਰਣੇ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ ਅਤੇ ਹੁਣ ਜਦੋਂ ਉਹ ਧਰਤੀ ਛੱਡ ਰਿਹਾ ਹੁੰਦਾ ਹੈ ਤਾਂ ਉਹ ਦੁਨੀਆ ਨੂੰ ਆਪਣੇ ਵਿਰੁੱਧ ਹੋ ਰਹੇ ਪੱਖਪਾਤ ਬਾਰੇ ਦੱਸ ਰਿਹਾ ਹੁੰਦਾ ਹੈ।
ਗੀਤ ਬਾਰੇ ਹੋਰ ਗੱਲ ਕਰੀਏ ਤਾਂ ਇਸ ਗੀਤ ਨੂੰ ਅਵਾਜ਼ ਅਰਿਜੀਤ ਸਿੰਘ ਅਤੇ ਜੋਨਿਤਾ ਗਾਂਧੀ ਨੇ ਦਿੱਤੀ ਹੈ, ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ, ਜੋ ਪ੍ਰਸਿੱਧ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਮੈਨੂੰ ਵਿਦਾ ਕਰੋ' ਤੋਂ ਪ੍ਰੇਰਿਤ ਹੈ।
ਉਲੇਖਯੋਗ ਹੈ ਕਿ ਹੁਣ ਤੱਕ ਇਸ ਗੀਤ ਨੂੰ ਯੂਟਿਊਬ ਉਤੇ 2 ਮਿਲੀਅਨ ਲੋਕਾਂ ਨੇ ਦੇਖ ਲਿਆ ਹੈ, ਗੀਤ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ। ਇਮਤਿਆਜ਼ ਅਲੀ ਨੇ ਹਾਲ ਹੀ ਵਿੱਚ ਸੰਗੀਤ ਬਾਰੇ ਗੱਲਬਾਤ ਕੀਤੀ ਸੀ, ਜਿੱਥੇ ਉਸਨੇ ਦੱਸਿਆ ਸੀ ਕਿ ਏਆਰ ਰਹਿਮਾਨ ਕਿੰਨਾ ਜਾਦੂਗਰ ਹੈ।