ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਕਿਸੇ ਸਮੇਂ ਮਹਿਜ ਕਾਮੇਡੀ ਫਿਲਮਾਂ ਤੱਕ ਸੀਮਤ ਰਿਹਾ ਦਾਇਰਾ ਅੱਜਕੱਲ੍ਹ ਵੰਨ-ਸੁਵੰਨੀਆਂ ਫਿਲਮਾਂ ਦੀ ਸਿਰਜਨਾ ਨਾਲ ਕਾਫ਼ੀ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿਸ ਦੇ ਸ਼ਾਨਮੱਤੇ ਹੋ ਰਹੇ ਵਿਹੜੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇੰਨੀਂ ਦਿਨੀਂ ਲਗਾਤਾਰ ਸਾਹਮਣੇ ਆ ਰਹੀਆਂ ਧਾਰਮਿਕ ਅਤੇ ਪਰਿਵਾਰਿਕ ਫਿਲਮਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਹੀ ਵੱਧ ਰਹੇ ਆਫ-ਬੀਟ ਫਿਲਮਾਂ ਦੇ ਇਸ ਘੇਰੇ ਵੱਲ ਆਓ ਮਾਰਦੇ ਹਾਂ ਇਕ ਸਰਸਰੀ ਝਾਤ:
ਉੱਚਾ ਦਰ ਬਾਬੇ ਨਾਨਕ ਦਾ:ਹਾਲ ਹੀ ਵਿੱਚ ਸਾਹਮਣੇ ਆਈ 'ਨਾਨਕ ਨਾਮ ਜਹਾਜ਼ ਹੈ' ਤੋਂ ਬਾਅਦ ਇਸ ਵਰ੍ਹੇ ਰਿਲੀਜ਼ ਹੋਈ ਇੱਕ ਹੋਰ ਵੱਡੀ ਅਤੇ ਅਜਿਹੀ ਪਰਿਵਾਰਿਕ-ਧਾਰਮਿਕ ਫਿਲਮ ਹੈ, ਜਿਸ ਨੂੰ ਕਮਰਸ਼ਿਅਲ ਸਿਨੇਮਾ ਦੀ ਸ਼੍ਰੇਣੀ ਤੋਂ ਇਕਦਮ ਲਾਂਭੇ ਹੋ ਕੇ ਸਿਰਜਿਆ ਗਿਆ ਹੈ। 'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਧਾਰਮਿਕ ਫਿਲਮ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਤਰਨ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈਸ ਆਈ ਸਟੂਡੈਂਟ' ਜਿਹੀਆਂ ਕਈ ਸਫਲ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਹਿੱਸਿਆਂ ਵਿੱਚ ਜਿਆਦਾਤਰ ਫਿਲਮਾਈ ਗਈ ਇਸ ਖੂਬਸੂਰਤ ਫਿਲਮ ਵਿੱਚ ਦੇਵ ਖਰੌੜ, ਮੋਨਿਕਾ ਗਿੱਲ, ਯੋਗਰਾਜ ਸਿੰਘ, ਇਸ਼ਾ ਰਿਖੀ, ਕਿੰਮੀ ਵਰਮਾ, ਕਮਲਜੀਤ ਨੀਰੂ, ਹਰਜ ਨਾਗਰਾ, ਹਰਬੀ ਸੰਘਾ, ਬਲਵਿੰਦਰ ਅਟਵਾਲ, ਨਗਿੰਦਰ ਗੱਖੜ, ਗੁਰਨਾਜਰ ਕੌਰ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਨਿਭਾਏ ਗਏ ਹਨ।
ਆਖ਼ਰੀ ਬਾਬੇ:ਪੰਜਾਬੀ ਸਿਨੇਮਾ ਦੇ ਮਾਣਮੱਤੇ ਹੋ ਰਹੇ ਮੁਹਾਂਦਰੇ ਨੂੰ ਹੀ ਹੀ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਹੀ ਹੈ, ਉਕਤ ਲੜੀ ਤਹਿਤ ਹੀ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਆਖ਼ਰੀ ਬਾਬੇ', ਜਿਸ ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਜਾ ਰਿਹਾ ਹੈ।