ਚੰਡੀਗੜ੍ਹ: ਪੰਜਾਬੀ ਸਿਨੇਮਾ ਤੋਂ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਮਾਨਵ ਵਿਜ ਅੱਜ ਹਿੰਦੀ ਸਿਨੇਮਾ ਦੇ ਉੱਚ-ਕੋਟੀ ਅਤੇ ਚਰਚਿਤ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੇ ਹਨ, ਜੋ ਲੰਮੇਂ ਸਮੇਂ ਬਾਅਦ ਫਿਰ ਪਾਲੀਵੁੱਡ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਮੌਜ਼ੂਦਗੀ ਦਾ ਇੱਕ ਵਾਰ ਮੁੜ ਸ਼ਾਨਦਾਰ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਬਹੁ-ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ'।
'ਰਾਜਾਸ਼ੂ ਫਿਲਮਜ਼, ਸਟੂਡਿਓ ਏਟ ਸੋਰਸ' ਦੇ ਬੈਨਰਜ਼ ਅਤੇ 'ਤਹਿਜ਼ੀਬ ਫਿਲਮਜ਼' ਅਤੇ 'ਬਲਕਾਰ ਮੋਸ਼ਨ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਥਾਨਾ ਸਦਰ' ਜਿਹੀ ਬਿਹਤਰੀਨ ਪੰਜਾਬੀ ਫਿਲਮ ਦਾ ਵੀ ਲੇਖਨ ਕਰ ਚੁੱਕੇ ਹਨ।
ਮਾਲਵੇ ਦੇ ਜ਼ਿਲ੍ਹਾ ਮੋਗਾ ਵਿੱਚ ਸਥਿਤ ਅਤੇ ਦੁਨੀਆ ਭਰ ਵਿੱਚ ਮਾਣਮੱਤੇ ਸਿੱਖਿਆ ਸੰਸਥਾਨ ਵਜੋਂ ਜਾਣੇ ਜਾਂਦੇ ਰੋਡੇ ਸਰਕਾਰੀ ਕਾਲਜ ਨਾਲ ਜੁੜੀਆਂ ਕੁਝ ਯਾਦਾਂ ਅਤੇ ਇਸੇ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਅਤੇ ਸਟੂਡੈਂਟਸ ਰਾਜਨੀਤੀ ਦੁਆਲੇ ਕੇਂਦਰਿਤ ਕੀਤੀ ਗਈ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ ਅਦਾਕਾਰ ਮਾਨਵ ਵਿਜ, ਜੋ ਆਪਣੇ ਇਸ ਇੱਕ ਹੋਰ ਨਵੇਂ ਪੰਜਾਬੀ ਫਿਲਮ ਪ੍ਰੋਜੈਕਟ ਨੂੰ ਲੈ ਕੇ ਇੰਨੀਂ-ਦਿਨੀਂ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਮੂਲ ਰੂਪ ਵਿੱਚ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨਾਲ ਸੰਬੰਧਤ ਅਦਾਕਾਰ ਮਾਨਵ ਵਿਜ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਦਿੱਗਜ ਨਿਰਮਾਤਾ ਇਕਬਾਲ ਢਿੱਲੋਂ ਵੱਲੋਂ ਨਿਰਮਿਤ ਕੀਤੀ ਗਈ ਅਤੇ ਸਾਲ 2002 ਵਿੱਚ ਰਿਲੀਜ਼ ਹੋਈ 'ਸ਼ਹੀਦ ਏ ਆਜ਼ਮ' ਨਾਲ ਕੀਤਾ, ਜਿਸ ਉਪਰੰਤ ਉਨ੍ਹਾਂ 'ਮੰਨਤ', 'ਦੇਸ਼ ਹੋਇਆ ਪ੍ਰਦੇਸ', 'ਮਿੰਨੀ ਪੰਜਾਬ', 'ਆਪਣੀ ਬੋਲੀ ਆਪਣਾ ਦੇਸ਼', 'ਬੁਰਰਾ', 'ਪੰਜਾਬ 1984' ਆਦਿ ਵਿੱਚ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕੀਤੇ, ਜਿੰਨ੍ਹਾਂ ਦੀ ਪਿਛਲੀ ਫਿਲਮ ਵੱਲ ਝਾਤ ਮਾਰੀਏ ਤਾਂ ਉਹ ਸੀ ਮਨਦੀਪ ਬੈਨੀਪਾਲ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਦੇਵ ਖਰੌੜ ਸਟਾਰਰ 'ਡੀਐਸਪੀ ਦੇਵ', ਜੋ 2019 ਵਿੱਚ ਰਿਲੀਜ਼ ਹੋਈ, ਉਸ ਦੇ ਕਰੀਬ ਪੰਜ ਸਾਲਾਂ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਇਹ ਪ੍ਰਤਿਭਾਵਾਨ ਅਦਾਕਾਰ।
ਬਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਇਹ ਅਦਾਕਾਰ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਸਮਰਾਟ ਪ੍ਰਿਥਵੀਰਾਜ', 'ਗੂੰਜਨ ਸਕਸੈਨਾ', 'ਵਦ', 'ਅੰਧਾਧੁਨ', 'ਫੁਕਰੇ ਰਿਟਰਨ', 'ਭਾਰਤ', 'ਪਟਨਾ ਸ਼ੁਕਲਾ', 'ਲਾਲ ਕਪਤਾਨ', 'ਬ੍ਰਿਜ ਮੋਹਨ', 'ਉੜਤਾ ਪੰਜਾਬ', 'ਰੂਹੀ', 'ਫਿਲੌਰੀ' ਆਦਿ ਸ਼ੁਮਾਰ ਰਹੀਆਂ ਹਨ।