ਫਰੀਦਕੋਟ: ਹਾਲ ਹੀ ਵਿੱਚ ਸ਼ੁਰੂ ਹੋਈ ਬਿਨੂੰ ਢਿੱਲੋ ਦੀ ਨਵੀਂ ਅਤੇ ਫਿਲਹਾਲ ਅਨਟਾਈਟਲ ਪੰਜਾਬੀ ਫ਼ਿਲਮ ਦਾ ਫ਼ਸਟ ਸ਼ਡਿਊਲ ਅੱਜ ਪੂਰਾ ਕਰ ਲਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਥਾਪਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਅਪਣੀ ਇਸ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਇੱਕ ਹੋਰ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਨੈਕਸਟ ਲੈਵਲ ਪ੍ਰੋਡੋਕਸ਼ਨ ਅਤੇ ਜੇ ਸਟੂਡੀਓ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਬਾਲੀਵੁਡ ਦੇ ਮੰਨੇ ਪ੍ਰਮੰਨੇ ਨਿਰਮਾਤਾ ਨਿਰਜ ਰੁਹਿਲ ਕਰ ਰਹੇ ਹਨ, ਜਿੰਨਾਂ ਵੱਲੋਂ ਨਿਰਮਿਤ ਕੀਤੀ ਅਤੇ ਨੈੱਟਫਲਿਕਸ 'ਤੇ ਸਟ੍ਰੀਮ ਹੋਈ ਓਟੀਟੀ ਫ਼ਿਲਮ 'ਵਧ' ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫਲ ਰਹੀ ਹੈ। ਇਸ ਤੋਂ ਇਲਾਵਾ ਉਹ ਕੁਝ ਬਹੁ-ਚਰਚਿਤ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ 'ਬੰਬੂਕਾਟ', 'ਭਲਵਾਨ ਸਿੰਘ' ਅਤੇ 'ਅਫ਼ਸਰ' ਆਦਿ ਸ਼ੁਮਾਰ ਰਹੀਆ ਹਨ।
2032 'ਚ ਹੋਣ ਵਾਲੀਆਂ ਸੰਭਾਵਿਤ ਅਤੇ ਭਵਿੱਖੀ ਘਟਨਾਵਾਂ 'ਤੇ ਅਧਾਰਿਤ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਬਿੰਨੂ ਢਿੱਲੋ ਮੁੱਖ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਅੋਪੋਜਿਟ ਹਿੰਦੀ ਸਿਨੇਮਾਂ ਅਤੇ ਛੋਟੇ ਪਰਦੇ ਦੀ ਅਦਾਕਾਰਾ ਕਨਿਕਾ ਮਾਨ ਨਜ਼ਰ ਆਵੇਗੀ, ਜੋ ਅਪਣੀ ਇਸ ਨਵੀਂ ਪੰਜਾਬੀ ਫ਼ਿਲਮ ਨਾਲ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾਂ ਵਿੱਚ ਇੱਕ ਹੋਰ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕਰੇਗੀ।
ਪੰਜਾਬ ਦੇ ਮੁਹਾਲੀ-ਖਰੜ ਇਲਾਕਿਆਂ ਵਿੱਚ ਫਿਲਮਾਂਈ ਗਈ ਅਤੇ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਇਸ ਫ਼ਿਲਮ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾਂ ਨਾਲ ਜੁੜੇ ਕਈ ਹੋਰ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਾਰਮੂਲਾ ਫਿਲਮਾਂ ਦੇ ਮੌਜੂਦਾ ਟ੍ਰੈਂਡ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਹ ਫ਼ਿਲਮ ਇਸ ਸਾਲ 2025 ਦੌਰਾਨ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਉਹ ਅਪਣੀ ਕਾਮੇਡੀ ਇਮੇਜ ਤੋ ਬਿਲਕੁਲ ਉਲਟ ਗੰਭੀਰ ਰੋਲ ਦੁਆਰਾ ਦਰਸ਼ਕਾਂ ਸਨਮੁੱਖ ਹੋਣਗੇ।
ਸਾਲ 2024 ਵਿੱਚ ਰਿਲੀਜ਼ ਹੋਈ ਰੋਮਾਂਟਿਕ ਅਤੇ ਡਰਾਮਾ ਫ਼ਿਲਮ 'ਜੀ ਵੇ ਸੋਹਣਿਆ ਜੀ' ਦੇ ਨਿਰਦੇਸ਼ਨ ਨੂੰ ਲੈ ਕੇ ਵੀ ਸੁਰਖੀਆਂ ਦਾ ਹਿੱਸਾ ਬਣੇ ਰਹੇ ਫ਼ਿਲਮਕਾਰ ਥਾਪਰ, ਜਿੰਨ੍ਹਾਂ ਦੇ ਨਿਰਦੇਸ਼ਨ ਹੇਠ ਬਣਨ ਜਾ ਰਹੀ ਇੱਕ ਹੋਰ ਵੱਡੀ ਫ਼ਿਲਮ 'ਫਰਾਟਾ' ਦਾ ਐਲਾਨ ਵੀ ਬੀਤੇ ਦਿਨਾਂ ਦੌਰਾਨ ਕੀਤਾ ਗਿਆ ਹੈ, ਜੋ ਜਲਦ ਆਨ ਫਲੋਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ:-
- ਇਸ ਪੰਜਾਬੀ ਫ਼ਿਲਮ ਦਾ ਨਵਾ ਲੁੱਕ ਅਤੇ ਰਿਲੀਜ਼ ਮਿਤੀ ਜਾਰੀ, ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ ਇਹ ਚਿਹਰੇ
- ਆਈਫਾ ਅਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ, ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਨੇ ਪੰਜ ਅਹਿਮ ਕੈਟਾਗਰੀਜ਼ 'ਚ ਦਰਜ ਕਰਵਾਈ ਮੌਜ਼ੂਦਗੀ
- ਆਈਫਾ ਅਵਾਰਡ 2025 ਲਈ ਨਾਮਜ਼ਦਗੀਆਂ ਦਾ ਐਲਾਨ, ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਨੇ ਪੰਜ ਅਹਿਮ ਕੈਟਾਗਰੀਜ਼ 'ਚ ਦਰਜ ਕਰਵਾਈ ਮੌਜ਼ੂਦਗੀ