ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਬਤੌਰ ਅਦਾਕਾਰਾ ਅਹਿਮ ਹਿੱਸਾ ਰਹੀ ਮਾਹੀ ਸ਼ਰਮਾ ਮੁੜ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵੱਲ ਅਪਣਾ ਰੁਖ਼ ਕਰਦੀ ਨਜ਼ਰ ਆ ਰਹੀ ਹੈ, ਜਿੰਨ੍ਹਾਂ ਦੇ ਪ੍ਰਭਾਵੀ ਮੰਨੇ ਜਾਂਦੇ ਫੀਚਰਿੰਗ ਅਕਸ ਦਾ ਹੀ ਇਜ਼ਹਾਰ ਕਰਵਾ ਰਿਹਾ ਹੈ, ਉਨ੍ਹਾਂ ਦਾ ਰਿਲੀਜ਼ ਹੋਇਆ ਨਵਾਂ ਸੰਗੀਤਕ ਵੀਡੀਓ 'ਕੋਬੀਨੇਸ਼ਨ', ਜੋ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਕਾਫ਼ੀ ਸਰਾਹਿਆ ਜਾ ਰਿਹਾ ਹੈ।
ਉੱਘੇ ਸੰਗੀਤਕ ਲੇਬਲ 'ਜੱਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਉਭਰਦੇ ਨੌਜਵਾਨ ਗਾਇਕ ਏਕਮ ਚਿਨੋਲੀ ਵੱਲੋਂ ਦਿੱਤੀ ਗਈ ਹੈ, ਜੋ ਇਸ ਗਾਣੇ ਦੇ ਵੀਡੀਓ ਵਿੱਚ ਅਦਾਕਾਰਾ ਅਤੇ ਮਾਡਲ ਮਾਹੀ ਸ਼ਰਮਾ ਨਾਲ ਫੀਚਰਿੰਗ ਕਰਦੇ ਵੀ ਵਿਖਾਈ ਦੇ ਰਹੇ ਹਨ।
ਪਿਆਰ ਅਤੇ ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਦੀ ਰਚਨਾ ਜੈਜ ਸੰਧੂ ਵੱਲੋਂ ਕੀਤੀ ਗਈ ਹੈ, ਜਦਕਿ ਇਸ ਦਾ ਸਦਾ ਬਹਾਰ ਰੰਗਾਂ ਵਿੱਚ ਰੰਗਿਆ ਸੰਗੀਤ ਅਕਾਸ਼ ਜੰਡੂ ਦੁਆਰਾ ਸੰਯੋਜਿਤ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।