ਚੰਡੀਗੜ੍ਹ: ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਾਨੂੰ ਅਲਵਿਦਾ ਬੋਲੇ ਦੋ ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ, ਪਰ ਗਾਇਕ ਦੀ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਉਸੇ ਤਰ੍ਹਾਂ ਚੜ੍ਹਾਈ ਬਰਕਰਾਰ ਹੈ, ਗਾਇਕ ਦੀ ਕਾਫੀ ਵੱਡੀ ਫੈਨ ਫਾਲੋਇੰਗ ਹੈ, ਜੋ ਆਏ ਦਿਨ ਗਾਇਕ ਦੀਆਂ ਪੁਰਾਣੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਸਾਂਝੀਆਂ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਉਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਸਟੇਜ ਉਤੋਂ ਕੁੱਝ ਅਜਿਹਾ ਬੋਲਦੇ ਹਨ, ਜੋ ਅੱਜ ਸੱਚ ਹੋ ਰਿਹਾ ਹੈ।
ਸਟੇਜ ਤੋਂ ਕੀ ਬੋਲੇ ਸਨ ਗਾਇਕ
ਦਰਅਸਲ, ਇੱਕ ਵੀਡੀਓ ਵਿੱਚ ਗਾਇਕ ਸਿੱਧੂ ਮੂਸੇਵਾਲਾ ਕਹਿ ਰਹੇ ਹਨ, "ਗੱਲ ਯਾਦ ਰੱਖਣਾ ਪੰਜਾਬੀਆਂ ਦਾ ਨਾਂਅ ਆਉਣ ਵਾਲੇ ਦੋ ਤਿੰਨ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਚਮਕੇਗਾ। ਗਾਇਕੀ ਖੇਤਰ ਵਿੱਚ ਵੀ। ਇਹ ਕੋਈ ਗੱਪ ਨਹੀਂ ਹੈ, ਜੱਟ ਦੀ ਜ਼ੁਬਾਨ ਹੈ, ਜੇਕਰ ਨਾ ਹੋਇਆ ਤਾਂ ਕਿਤੇ ਮਰਜ਼ੀ ਖੜ੍ਹਾ ਕੇ ਕਹਿ ਦੇਣਾ ਕਿ ਸਿੱਧੂ ਝੂਠ ਬੋਲਦਾ ਸੀ, ਇਹ ਹੋਇਆ ਨਹੀਂ।" ਹੁਣ ਇਸ ਵੀਡੀਓ ਉਤੇ ਦਰਸ਼ਕ ਵੀ ਆਪਣੀ ਆਪਣੀ ਰਾਏ ਰੱਖ ਰਹੇ ਹਨ ਅਤੇ ਗਾਇਕ ਨਾਲ ਸਹਿਮਤੀ ਬਣਾ ਰਹੇ ਹਨ।