ਚੰਡੀਗੜ੍ਹ : ਭਾਜਪਾ ਸੰਸਦ ਮੈਂਬਰ ਤੇ ਚਰਚਿਤ ਅਦਾਕਾਰਾ ਕੰਗਨਾ ਰਣੌਤ ਦੀ ਬਹੁ ਚਰਚਿਤ ਵਿਵਾਦਿਤ ਫਿਲਮ ‘ਐਮਰਜੈਂਸੀ’ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਹੁਣ ਹਰੀ ਝੰਡੀ ਮਿਲ ਗਈ ਹੈ ਅਤੇ ਜਲਦ ਹੀ ਫਿਲਮ ਰਿਲੀਜ਼ ਹੋ ਜਾਵੇਗੀ। ਸੂਤਰਾਂ ਮੁਤਾਬਿਕ ਪ੍ਰਵਾਨਗੀ ਦੇਣ ਤੋਂ ਪਹਿਲਾਂ ਫਿਲਮ ਨੂੰ 3 ਕੱਟ ਲਗਵਾਏ ਗਏ ਹਨ ਅਤੇ 10 ਬਦਲਾਅ ਕਰਕੇ ਰਿਲੀਜ਼ ਕਰਨ ਦੀ ਗੱਲ ਆਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਂਸਰ ਬੋਰਡ ਨੇ ਫ਼ਿਲਮ ਦੇ ਕੁੱਝ ਸੀਨ ਬਦਲਣ ਦੀ ਸੂਚੀ ਮਹੀਨਾ ਪਹਿਲਾਂ 8 ਅਗਸਤ ਨੂੰ ਫ਼ਿਲਮ ਨਿਰਮਾਤਾਵਾਂ ਨੂੰ ਭੇਜ ਦਿੱਤੀ ਸੀ।
ਟਰੇਲਰ ਰਿਲੀਜ਼ ਤੋਂ ਬਾਅਦ ਹੀ ਉੱਠਿਆ ਵਿਵਾਦ :ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਕੰਗਨਾ ਦੀ ਫਿਲਮ ਉੱਤੇ ਬੈਨ ਲਗਾਉਣ ਦੀ ਮੰਗ ਵੀ ਜ਼ੋਰਾਂ 'ਤੇ ਚੁੱਕੀ ਗਈ। ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਉੱਤੇ ਇਤਰਾਜ਼ ਜਤਾਇਆ ਗਿਆ ਹੈ। ਇਸ ਕਾਰਨ ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ।
ਵਿਵਾਦਾਂ ਕਾਰਨ ਇਸ ਦੀ ਰਿਲੀਜ਼ ਨੂੰ ਰੋਕਣ ਤੋਂ ਪਹਿਲਾਂ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੀ ਸਕ੍ਰੀਨਿੰਗ ਕਮੇਟੀ ਨੇ ਇਸ ਸ਼ਰਤ 'ਤੇ 'ਯੂਏ' ਸਰਟੀਫਿਕੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਕਿ ਰਿਲੀਜ਼ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕੀਤੇ ਗਏ ਸਨ। ਇਸ ਦੀ ਸੂਚੀ ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਭੇਜ ਦਿੱਤੀ ਹੈ। ਐਮਰਜੈਂਸੀ ਵਿਚ ਵੀ ਤਿੰਨ ਕਟੌਤੀ ਕੀਤੇ ਗਏ ਸਨ ਅਤੇ ਇਸ ਨੂੰ 'ਯੂਏ' ਸਰਟੀਫਿਕੇਟ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਸੈਂਸਰ ਬੋਰਡ ਦੀ ਮੰਗ ਤੋਂ ਬਾਅਦ ਹੁਣ ਮੇਕਰਸ ਨੂੰ ਇਨ੍ਹਾਂ ਦੋਵਾਂ ਵਿਵਾਦਿਤ ਬਿਆਨਾਂ ਦੇ ਸਰੋਤਾਂ ਦਾ ਖੁਲਾਸਾ ਕਰਨਾ ਹੋਵੇਗਾ।
ਸਿੱਖ ਜਥੇਬੰਦੀਆਂ ਵੱਲੋਂ ਵਿਰੋਧ :ਦੱਸ ਦਈਏ ਕਿ ਜਿਵੇਂ ਕੰਗਨਾ ਆਪਣੀ ਅਸਲ ਜ਼ਿੰਦਗੀ ਵਿੱਚ ਸਿੱਖ ਵਿਰੋਧੀ ਟਿੱਪਣੀਆਂ ਕਰਕੇ ਆਪਣੀ ਨਫਰਤ ਜ਼ਾਹਿਰ ਕਰਦੀ ਆਈ ਹੈ ਉਸ ਤਰ੍ਹਾਂ ਹੀ ਫਿਲਮ ਵਿੱਚ ਵੀ ਸਿੱਖਾਂ ਦੀ ਛਵੀ ਨੂੰ ਢਾਅ ਲਾਉਣ ਵਾਲੇ ਦ੍ਰਿਸ਼ ਦਿਖਾਏ ਗਏ ਹਨ। ਖ਼ਾਸ ਕਰਕੇ ਦਮਦਮੀ ਟਕਸਾਲੀ ਦੇ ਪ੍ਰਧਾਨ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਖਾਲਿਸਤਾਨੀ ਪੱਖੀ ਹੋਣਾ ਅਤੇ ਹੋਰ ਵੀ ਅਜਿਹੇ ਦ੍ਰਿਸ਼ ਦਿਖਾਏ ਗਏ ਹਨ ਜਿੰਨਾ ਉੱਤੇ ਸਿੱਖਾਂ ਨੇ ਇਤਰਾਜ਼ ਜਤਾਇਆ ਸੀ। ਇਸ ਤਹਿਤ ਐਸਜੀਪੀਸੀ ਵੱਲੋਂ ਕਿਹਾ ਗਿਆ ਸੀ ਕਿ ਫਿਲਮ ਵਿੱਚ ਸਿੱਖ ਵਿਰੋਧੀ ਭਾਵਨਾ ਵਾਲੇ ਸੀਨ ਦਿਖਾਏ ਗਏ ਹਨ ਜੋ ਕਿ ਇਤਰਾਜ਼ਯੋਗ ਹਨ। ਇਸ ਸਬੰਧੀ ਐਸਜੀਪੀਸੀ ਵੱਲੋਂ ਫਿਲਮ ਨਿਰਮਾਤਾਵਾਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ।