ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਸੂਫੀ ਗਾਇਕ ਕੰਵਰ ਗਰੇਵਾਲ, ਜੋ ਹਾਲ ਹੀ ਵਿੱਚ ਜਾਰੀ ਹੋਈ ਆਪਣੀ ਈਪੀ 'ਇਰਸ਼ਾਦ' ਵਿਚਲੇ ਮਕਬੂਲ ਗਾਣੇ 'ਪਹਿਲਾਂ ਪਹਿਲਾਂ ਪਿਆਰ' ਦੀ ਮਿਊਜ਼ਿਕ ਵੀਡੀਓ ਨਾਲ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਫੀਚਰਿੰਗ ਅਤੇ ਗਾਇਨ ਸ਼ੈਲੀ ਦਾ ਇਜ਼ਹਾਰ ਕਰਵਾਉਂਦਾ ਇਹ ਵੀਡੀਓ ਹਾਲ ਹੀ ਵਿੱਚ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋ ਗਿਆ ਹੈ।
'ਸੰਗੀਤ ਪੇਸ਼ਕਰਤਾ ਹਰਜਿੰਦਰ ਲਾਡੀ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਖੂਬਸੂਰਤ ਗੀਤ ਦੇ ਬੋਲ ਵਰੀ ਰਾਏ ਦੁਆਰਾ ਰਚੇ ਗਏ ਹਨ, ਜਦਕਿ ਸੰਗੀਤ ਸੰਯੋਜਨ ਜ਼ਾਕਿਰ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਦਾ ਅਹਿਸਾਸ ਕਰਵਾਉਂਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ।
ਪੁਰਾਤਨ ਸੰਗੀਤ ਅਤੇ ਅਨੂਠੀ ਸ਼ਬਦ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਮਸ਼ਹੂਰ ਪਾਲੀਵੁੱਡ ਨਿਰਦੇਸ਼ਕ ਹੈਰੀ ਭੱਟੀ ਦੁਆਰਾ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ, ਸਫ਼ਲ ਅਤੇ ਮਿਆਰੀ ਫਿਲਮਾਂ ਦੀ ਸਿਰਜਣਾ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਰੱਬ ਦਾ ਰੇਡਿਓ', 'ਆਟੇ ਦੀ ਚਿੜੀ', 'ਸਰਦਾਰ ਮੁਹੰਮਦ' ਅਤੇ 'ਦੋ ਦੂਣੀ ਪੰਜ' ਸ਼ੁਮਾਰ ਰਹੀਆਂ ਹਨ।
ਠੇਠ ਦੇਸੀ ਮਾਹੌਲ 'ਚ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਅਦਾਕਾਰਾ ਜਾਨਵੀਰ ਕੌਰ ਅਤੇ ਪ੍ਰਤਿਭਾਵਾਨ ਅਦਾਕਾਰ ਅਨਮੋਲ ਧਾਲੀਵਾਲ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਹ ਵੀ ਪੜ੍ਹੋ: