ਹੈਦਰਾਬਾਦ: ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਸਿਆਸੀ ਡਰਾਮਾ ਫਿਲਮ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਅੱਜ 25 ਜੂਨ ਨੂੰ ਸਾਹਮਣੇ ਆਈ ਹੈ। ਅੱਜ ਦੇ ਦਿਨ 1975 ਵਿੱਚ ਭਾਰਤ ਵਿੱਚ 'ਐਮਰਜੈਂਸੀ' ਦਾ ਐਲਾਨ ਕੀਤਾ ਗਿਆ ਸੀ।
ਕੰਗਨਾ ਰਣੌਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਨੂੰ ਕਈ ਵਾਰ ਟਾਲਣ ਤੋਂ ਬਾਅਦ ਹੁਣ ਫਿਲਮ ਨੂੰ ਇੱਕ ਹੋਰ ਨਵੀਂ ਰਿਲੀਜ਼ ਡੇਟ ਮਿਲ ਗਈ ਹੈ।
ਇਹ ਫਿਲਮ ਪਹਿਲਾਂ 14 ਜੂਨ 2024 ਨੂੰ ਰਿਲੀਜ਼ ਹੋਣੀ ਸੀ ਪਰ ਲੋਕ ਸਭਾ ਚੋਣਾਂ 2024 ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ ਅਤੇ ਹੁਣ ਇਹ ਫਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਤਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫਿਲਮ 'ਐਮਰਜੈਂਸੀ' ਦਾ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਆਪਣੀ ਪੋਸਟ ਦੇ ਕੈਪਸ਼ਨ 'ਚ ਕੰਗਨਾ ਨੇ ਲਿਖਿਆ, 'ਆਜ਼ਾਦ ਭਾਰਤ ਦੇ ਕਾਲੇ ਦੌਰ ਦਾ 50ਵਾਂ ਸਾਲ ਸ਼ੁਰੂ ਹੋ ਰਿਹਾ ਹੈ।'
ਫਿਲਮ 'ਐਮਰਜੈਂਸੀ' 'ਚ ਕੰਗਨਾ ਰਣੌਤ ਤੋਂ ਇਲਾਵਾ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ, ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਵਰਗੇ ਮਹਾਨ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਸਾਲ 1975 'ਚ ਆਜ਼ਾਦ ਭਾਰਤ 'ਚ ਲਗਾਈ ਗਈ 'ਐਮਰਜੈਂਸੀ' 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਕੰਗਨਾ ਰਣੌਤ ਨੇ ਖੁਦ ਡਾਇਰੈਕਟ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ 25 ਜੂਨ 1975 ਨੂੰ ਭਾਰਤ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ ਅਤੇ 21 ਮਾਰਚ 1977 ਨੂੰ 'ਐਮਰਜੈਂਸੀ' ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸੀ ਅਤੇ ਉਸ ਸਮੇਂ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਸੰਵਿਧਾਨ ਦੀ ਧਾਰਾ 352 ਤਹਿਤ ਦੇਸ਼ ਵਿੱਚ 'ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਸੀ।