ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ (ETV BHARAT) ਅੰਮ੍ਰਿਤਸਰ: ਕੰਗਨਾ ਰਣੌਤ ਦੀਆਂ ਮੁਸੀਬਤਾਂ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਕੰਗਨਾ ਰਣੌਤ ਨੂੰ ਉਸ ਦੀ ਆਉਣ ਵਾਲੀ ਸਿਆਸੀ ਡਰਾਮਾ ਫਿਲਮ 'ਐਮਰਜੈਂਸੀ' ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਫਿਲਮ ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। SGPC ਨੇ ਫਿਲਮ 'ਐਮਰਜੈਂਸੀ' ਦੇ ਟ੍ਰੇਲਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਫਿਲਮ 'ਐਮਰਜੈਂਸੀ' ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਫਿਲਮ 'ਤੇ ਇਤਰਾਜ਼ ਜਤਾਇਆ ਹੈ ਅਤੇ ਫਿਲਮ 'ਤੇ ਪਾਬੰਦੀ ਲਗਾਉਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਨਾਲ-ਨਾਲ ਸੈਂਸਰ ਬੋਰਡ ਨੂੰ ਕਈ ਸ਼ਿਕਾਇਤ ਪੱਤਰ ਭੇਜੇ ਹਨ। ਸਕੱਤਰ ਨੇ ਕੰਗਨਾ ਰਣੌਤ 'ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਫਿਲਮ 'ਐਮਰਜੈਂਸੀ' ਦਾ ਟ੍ਰੇਲਰ ਸਿੱਖ ਵਿਰੋਧੀ ਦ੍ਰਿਸ਼ਾਂ ਨਾਲ ਭਰਿਆ ਹੋਇਆ ਹੈ, ਜੋ ਉਸ ਦੇ ਅਕਸ ਨੂੰ ਢਾਹ ਲਾ ਰਿਹਾ ਹੈ।
ਪਿਛਲੇ ਹਫ਼ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੇ ਤੁਰੰਤ ਫਿਲਮ 'ਐਮਰਜੈਂਸੀ' 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੇ ਵੀ ਸਿੱਖਾਂ ਨੂੰ ਕਾਤਲ ਵਜੋਂ ਦਿਖਾਉਣ ਵਾਲੇ ਟ੍ਰੇਲਰ ’ਤੇ ਇਤਰਾਜ਼ ਜਤਾਇਆ ਸੀ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੰਗਨਾ ਰਣੌਤ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਈ ਫਿਲਮਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਦਕਿ ਉਨ੍ਹਾਂ ਨੇ ਐਮਰਜੈਂਸੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੈਂਸਰ ਬੋਰਡ 'ਤੇ ਹਮਲਾ ਬੋਲਦਿਆਂ ਇਸ ਨੂੰ ਪੱਖਪਾਤੀ ਦੱਸਿਆ ਅਤੇ ਬੋਰਡ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸ਼ਾਮਲ ਕਰਨ ਦੀ ਗੱਲ ਵੀ ਕਹੀ।
ਦੂਜੇ ਪਾਸੇ ਅਕਾਲ ਤਖ਼ਤ ਦੇ ਪ੍ਰਧਾਨ ਗਿਆਨੀ ਰਘਬੀਰ ਸਿੰਘ ਨੇ ਦਾਅਵਾ ਕੀਤਾ ਕਿ ਫਿਲਮ 'ਐਮਰਜੈਂਸੀ' ਵਿੱਚ ਸਿੱਖ ਕੌਮ ਨੂੰ ਜਾਣਬੁੱਝ ਕੇ ਪੇਸ਼ ਕੀਤਾ ਗਿਆ ਹੈ, ਜੋ ਕਿ ਇੱਕ ਸਾਜ਼ਿਸ਼ ਜਾਪਦਾ ਹੈ, ਫਿਲਮ ਵਿੱਚ ਸਮੁੱਚੇ ਭਾਈਚਾਰੇ ਦੀ ਬੇਅਦਬੀ ਕੀਤੀ ਜਾ ਰਹੀ ਹੈ, ਕੰਗਨਾ ਇਹ ਸਭ ਜਾਣ ਬੁੱਝ ਕੇ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ 1984 'ਚ ਸਿੱਖ ਕੌਮ 'ਤੇ ਹੋਏ ਅੱਤਿਆਚਾਰ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਅਤੇ ਹੁਣ ਕੰਗਨਾ ਰਣੌਤ ਦੀ ਫਿਲਮ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਿਰਦਾਰ ਨੂੰ ਖਰਾਬ ਕਰ ਰਹੀ ਹੈ। ਦੱਸ ਦੇਈਏ ਕਿ ਸਿੱਖ ਕੌਮ ਵੱਲੋਂ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਸ਼ਹੀਦ ਐਲਾਨਿਆ ਗਿਆ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਸਿੱਖ ਸੰਸਥਾ ਵੱਲੋਂ ਇਸ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਇਸ ਫਿਲਮ ਉੱਤੇ ਸਭ ਤੋਂ ਪਹਿਲਾਂ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਉੱਤੇ ਰੋਕ ਲਗਾਉਣ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਸ੍ਰੀ ਪ੍ਰਸੂਨ ਜੋਸ਼ੀ ਨੂੰ ਵੱਖ-ਵੱਖ ਪੱਤਰ ਲਿਖੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਸਾਲ 2021 ਵਿੱਚ ਕੰਗਨਾ ਰਣੌਤ ਨੇ ਫਿਲਮ ਐਮਰਜੈਂਸੀ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਕਿਹਾ ਸੀ ਕਿ ਇਹ ਸਿਰਫ਼ ਇੱਕ ਸਿਆਸੀ ਡਰਾਮਾ ਫਿਲਮ ਹੈ ਨਾ ਕਿ ਇੰਦਰਾ ਗਾਂਧੀ ਦੀ ਬਾਇਓਪਿਕ। ਕੰਗਨਾ ਰਣੌਤ 'ਐਮਰਜੈਂਸੀ' 'ਚ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਕੰਗਨਾ ਰਣੌਤ ਤੋਂ ਇਲਾਵਾ ਅਨੁਪਮ ਖੇਰ ਜੈਪ੍ਰਕਾਸ਼ ਨਾਰਾਇਣ ਦੀ ਭੂਮਿਕਾ 'ਚ ਨਜ਼ਰ ਆਉਣਗੇ, ਸ਼੍ਰੇਅਸ ਤਲਪੜੇ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ 'ਚ ਨਜ਼ਰ ਆਉਣਗੇ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: