ਚੰਡੀਗੜ੍ਹ: ਬਾਲੀਵੁੱਡ ਸਟਾਰ ਅਜੇ ਦੇਵਗਨ ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾ ਰਹੀ ਫਿਲਮ 'ਸੰਨ ਆਫ਼ ਸਰਦਾਰ 2' ਦੇ ਆਖਰੀ ਪੜਾਅ ਦੀ ਸ਼ੂਟਿੰਗ ਇੰਨੀ ਦਿਨੀਂ ਪੰਜਾਬ ਵਿਖੇ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਸੰਬੰਧਤ ਫਿਲਮਾਏ ਜਾ ਰਹੇ ਵਿਸ਼ੇਸ਼ ਗੀਤ ਦੇ ਪਿਕਚਰਾਈਜੇਸ਼ਨ ਲਈ ਹਿੰਦੀ ਸਿਨੇਮਾ ਦੇ ਸੁਪ੍ਰਸਿੱਧ ਡਾਂਸ ਕੋਰਿਓਗ੍ਰਾਫ਼ਰ ਗਣੇਸ਼ ਅਚਾਰੀਆ ਵੀ ਅਪਣੀ ਟੀਮ ਸਮੇਤ ਇੱਥੇ ਪੁੱਜ ਚੁੱਕੇ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਵਿਸ਼ਾਲ ਪੱਧਰ ਉੱਪਰ ਇਸ ਗਾਣੇ ਦੀ ਕੋਰਿਓਗ੍ਰਾਫ਼ੀ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਦੇ ਬੈਨਰਜ ਅਤੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ 'ਕਲੀ ਜੋਟਾ', 'ਗੋਡੇ ਗੋਡੇ ਚਾਅ', 'ਪਾਣੀ 'ਚ ਮਧਾਣੀ' ਅਤੇ 'ਹਰਜੀਤਾ' ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬ ਵਿਖੇ ਜਾਰੀ ਉਕਤ ਸ਼ੂਟ ਅਧੀਨ ਬੇਹੱਦ ਵਿਸ਼ਾਲ ਪੱਧਰੀ ਗਾਣੇ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ 200 ਤੋਂ ਵੱਧ ਡਾਂਸਰਜ਼ ਅਤੇ 150 ਦੇ ਕਰੀਬ ਕਰੂ ਮੈਂਬਰਾਂ ਦੀਆਂ ਲੋਕਲ ਟੀਮਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਮਾਲਵਾ ਦੇ ਰਜਵਾੜਾਸ਼ਾਹੀ ਜ਼ਿਲੇ ਪਟਿਆਲਾ ਦੇ ਰਿਆਸਤੀ ਹਿੱਸਿਆਂ ਅਤੇ ਨੇੜਲੇ ਪੇਂਡੂ ਇਲਾਕਿਆਂ ਦੇ ਖੁਲ੍ਹੇ ਡੁੱਲੇ ਖੇਤਾਂ ਬੰਨਿਆ ਵਿੱਚ ਸ਼ੂਟ ਕੀਤੇ ਜਾ ਰਹੇ ਉਕਤ ਗਾਣੇ ਲਈ ਵੱਡੀ ਗਿਣਤੀ ਟਰੈਕਟਰਜ਼, ਟਰਾਲੀਆਂ ਅਤੇ ਕੰਬਾਇਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਪੰਜਾਬੀ ਸੱਭਿਆਚਾਰ ਅਤੇ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਵਿੱਚ ਫਿਲਮ ਦੀ ਲੀਡ ਅਦਾਕਾਰਾ ਮ੍ਰਿਣਾਲ ਠਾਕੁਰ ਸਮੇਤ ਕਈ ਲੀਡਿੰਗ ਸਟਾਰ ਹਿੱਸਾ ਲੈ ਰਹੇ ਹਨ, ਜਿੰਨ੍ਹਾਂ ਦੇ ਨਾਵਾਂ ਨੂੰ ਫਿਲਹਾਲ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਬਿੱਗ ਬਜਟ ਅਧੀਨ ਚਾਰ ਦਿਨਾਂ ਵਿੱਚ ਮੁਕੰਮਲ ਕੀਤਾ ਜਾਣ ਵਾਲਾ ਉਕਤ ਗਾਣਾ ਫਿਲਮ ਦੇ ਪ੍ਰਮੋਸ਼ਨਲ ਗੀਤ ਵਜੋਂ ਸਾਹਮਣੇ ਲਿਆਂਦਾ ਜਾਵੇਗਾ, ਜਿਸ ਦੀ ਸ਼ੂਟਿੰਗ ਮੰਗਲਵਾਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: