ਚੰਡੀਗੜ੍ਹ: ਸੰਗੀਤਕ ਖੇਤਰ ਦਾ ਧਰੂ ਤਾਰਾ ਬਣ ਚਮਕੇ ਅਤੇ ਅੱਜ ਵੀ ਲੱਖਾਂ ਲੋਕ ਮਨਾਂ ਵਿੱਚ ਰਾਜ ਕਰ ਰਹੇ ਮਹਰੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਸ਼ਰਧਾਂਜਲੀ ਅਤੇ ਉਸ ਦੇ ਪਰਿਵਾਰ ਵਿੱਚ ਮੁੜ ਫੇਰਾ ਪਾਉਣ ਜਾ ਰਹੀਆਂ ਖੁਸ਼ੀਆਂ ਦੀ ਤਰਜ਼ਮਾਨੀ ਕਰਨ ਜਾ ਰਿਹਾ ਲੋਕ-ਗਾਇਕਾ ਜਸਵਿੰਦਰ ਬਰਾੜ ਦਾ ਨਵਾਂ ਗਾਣਾ 'ਨਿੱਕੇ ਪੈਰੀ' ਵੱਖ-ਵੱਖ ਪਲੇਟਫਾਰਮ ਉੱਪਰ ਰਿਲੀਜ਼ ਹੋ ਗਿਆ ਹੈ।
ਪੰਜਾਬੀ ਸੰਗੀਤ ਖੇਤਰ ਵਿੱਚ ਬਹੁ ਉਡੀਕਵਾਨ ਸੰਗੀਤਕ ਪ੍ਰੋਜੈਕਟ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਗਾਣੇ ਦਾ ਸੰਗੀਤ ਮਸ਼ਹੂਰ ਅਤੇ ਚਰਚਿਤ ਸੰਗੀਤਕਾਰ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਅਨੁਸਾਰ ਸਭ ਦੇ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਸ਼ੁੱਭਦੀਪ ਸਿੱਧੂ ਮੂਸੇਵਾਲਾ ਨੂੰ ਵਾਪਿਸ ਪਾਉਣ ਲਈ ਉਸਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀ ਰੱਬ ਅੱਗੇ ਅਰਦਾਸ ਹੈ ਇਹ ਗੀਤ, ਜਿਸ ਦੇ ਸ਼ਬਦ ਅਤੇ ਸੰਗੀਤ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਨੂੰ ਝਕਝੋਰ ਕੇ ਰੱਖ ਰਹੇ ਹਨ।
ਉਨਾਂ ਆਪਣੇ ਦਿਲੀ ਜਜ਼ਬਾਤ ਨੂੰ ਬਿਆਨ ਕਰਦਿਆਂ ਅੱਗੇ ਕਿਹਾ ਕਿ ਆਪਣੇ ਹੁਣ ਤੱਕ ਦੇ ਮਿਊਜ਼ਿਕ ਕਰੀਅਰ ਦੌਰਾਨ ਉਨਾਂ ਦੁਆਰਾ ਬਤੌਰ ਮਿਊਜ਼ਿਕ ਨਿਰਦੇਸ਼ਕ ਚਾਹੇ ਬੇਸ਼ੁਮਾਰ ਗੀਤ ਰਿਕਾਰਡ ਕਰਨ ਅਤੇ ਇੰਨਾਂ ਦੀ ਸੰਗੀਤਕ ਸਿਰਜਨਾ ਕਰਨ ਦਾ ਅਵਸਰ ਮਿਲਿਆ ਹੈ, ਪਰ ਇਸ ਗਾਣੇ ਦਾ ਵਜ਼ੂਦ ਤਲਾਸ਼ਣਾ ਉਨਾਂ ਲਈ ਬੇਹੱਦ ਮਾਣ ਵਾਲੀ ਗੱਲ ਅਤੇ ਸਕੂਨਦਾਇਕ ਅਹਿਸਾਸ ਰਿਹਾ ਹੈ।