ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ 'ਸੈਕਟਰ 17' ਵੀ ਇੰਨੀਂ ਦਿਨੀਂ ਕਾਫ਼ੀ ਕਰਚਾ ਅਤੇ ਕਾਮਯਾਬੀ ਹਾਸਿਲ ਕਰ ਰਹੀ ਹੈ।
ਮੋਹਾਲੀ-ਖਰੜ੍ਹ ਦੇ ਆਸਪਾਸ ਅਤੇ ਦਾਰਾ ਸਟੂਡਿਓਜ਼ ਵਿਖੇ ਫਿਲਮਾਈ ਗਈ ਇਸ ਐਕਸ਼ਨ ਡਰਾਮਾ ਫਿਲਮ ਵਿੱਚ ਜੈ ਰੰਧਾਵਾ ਅਤੇ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮੁਕੇਸ਼ ਰਿਸ਼ੀ, ਨਿਰਮਲ ਰਿਸ਼ੀ, ਵਰੀਜੇਸ਼ ਹਿਰਜੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ।