ਚੰਡੀਗੜ੍ਹ: ਕਲਾ ਵਗਦੇ ਅਤੇ ਛੂਕਦੇ ਰਹਿਣ ਵਾਲੇ ਉਨ੍ਹਾਂ ਦਰਿਆਵਾਂ ਵਾਂਗ ਹੁੰਦੀ ਹੈ, ਜੋ ਲੱਖਾਂ ਵਾ-ਵਰੋਲਿਆਂ ਦਰਮਿਆਨ ਵੀ ਆਪਣੇ ਵਜ਼ੂਦ ਨੂੰ ਕਦੇ ਦਫ਼ਨ ਨਹੀਂ ਹੋਣ ਦਿੰਦੇ, ਕੁਝ ਅਜਿਹੇ ਹੀ ਹਾਲਾਤਾਂ ਨੂੰ ਪ੍ਰਤੀਬਿੰਬ ਕਰ ਰਹੀ ਹੈ, ਪਾਲੀਵੁੱਡ ਦੀ ਦਿੱਗਜ ਅਦਾਕਾਰਾ ਧਰਮਿੰਦਰ ਕੌਰ ਮਾਨ, ਜਿੰਨ੍ਹਾਂ ਨੇ ਮਾਲਵਾ ਦੇ ਇੱਕ ਨਿੱਕੇ ਜਿਹੇ ਹਿੱਸੇ ਅਤੇ ਰੂੜੀਵਾਦੀ ਮਾਹੌਲ ਵਿੱਚੋਂ ਉੱਠ ਕੇ ਅੱਜ ਦੁਨੀਆਂ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ। ਅਦਾਕਾਰਾ ਖੁਦ ਦੱਸਦੀ ਹੈ ਕਿ ਉਹ ਸੰਘਰਸ਼ ਦੇ ਸਮੇਂ ਦਿਨੇ ਨਰਮਾ ਚੁੱਗਦੀ ਅਤੇ ਰਾਤ ਨੂੰ ਨਾਟਕ ਦੀ ਰਿਹਰਸਲ ਕਰਨ ਜਾਂਦੀ ਹੁੰਦੀ ਸੀ।
ਪਾਲੀਵੁੱਡ ਦੀਆਂ ਬੇਸ਼ੁਮਾਰ ਵੱਡੀਆਂ ਸਫ਼ਲ ਅਤੇ ਮਲਟੀ ਸਟਾਰਰ ਫਿਲਮਾਂ ਵਿੱਚ ਪ੍ਰਭਾਵੀ ਭੂਮਿਕਾਵਾਂ ਨਿਭਾ ਚੁੱਕੀ ਹੈ ਇਹ ਬਿਹਤਰੀਨ ਅਦਾਕਾਰਾ, ਜਿੰਨ੍ਹਾਂ ਨੂੰ ਹਾਲ ਹੀ ਵਿੱਚ ਪੰਜਾਬ ਵਿੱਚ ਵੀ ਸ਼ੂਟ ਕੀਤੀ ਗਈ ਅਤੇ 'ਅਜੇ ਦੇਵਗਨ ਹੋਮ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਬਹੁ-ਚਰਚਿਤ ਹਿੰਦੀ ਸੀਕਵਲ ਫਿਲਮ 'ਸੰਨ ਆਫ਼ ਸਰਦਾਰ 2' ਦਾ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਇਸ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ।
ਮਲਵਈ ਜ਼ਿਲ੍ਹੇ ਮਾਨਸਾ ਨਾਲ ਸੰਬੰਧਤ ਇਸ ਅਜ਼ੀਮ ਅਦਾਕਾਰ ਦੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਇਸ ਫਿਲਮੀ ਪੈਂਡੇ ਦਾ ਆਗਾਜ਼ ਸਾਲ 2011 ਵਿੱਚ ਆਈ ਅਤੇ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਉੱਘੇ ਨਾਵਲਕਾਰ ਰਹੇ ਮਰਹੂਮ ਗੁਰਦਿਆਲ ਸਿੰਘ ਦੀ ਲਿਖੀ ਕਹਾਣੀ ਆਧਾਰਿਤ ਨੈਸ਼ਨਲ ਐਵਾਰਡ ਵਿਨਿੰਗ ਪੰਜਾਬੀ ਫਿਲਮ 'ਅੰਨੇ ਘੋੜੇ ਦਾ ਦਾਨ' ਨਾਲ ਕੀਤਾ, ਜਿਸ ਨੇ ਇਸ ਖਿੱਤੇ ਵਿੱਚ ਉਨ੍ਹਾਂ ਦੇ ਕੁਝ ਕਰ ਗੁਜ਼ਰਨ ਦੇ ਵੇਖੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।