ਲੁਧਿਆਣਾ: ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਦੇ 553 ਸਾਲ ਪੁਰਾਣੇ ਸ਼ਿਵ ਮੰਦਰ ਵਿੱਚ ਮੱਥਾ ਟੇਕਿਆ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਬਾਅਦ ਦੁਪਹਿਰ ਇੱਥੇ ਪਹੁੰਚੇ। ਉਨ੍ਹਾਂ ਨੇ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਸ਼ਿਵਲਿੰਗ 'ਤੇ ਜਲ ਚੜ੍ਹਾਇਆ। ਭੋਲੇਨਾਥ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਪੰਜਾਬ ਦੀ ਬਿਹਤਰੀ ਲਈ ਪ੍ਰਾਰਥਨਾ ਵੀ ਕੀਤੀ।
ਬਹੁਤ ਸਮਾਂ ਪਹਿਲਾਂ ਇੱਛਾ ਕੀਤੀ ਸੀ ਪ੍ਰਗਟ
ਸੀਐਮ ਮਾਨ ਦੀ ਪਤਨੀ ਨੇ ਬਹੁਤ ਸਮਾਂ ਪਹਿਲਾਂ ਇਸ ਮੰਦਿਰ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਸੀ। ਪਾਇਲ ਵਿਧਾਨ ਸਭਾ ਹਲਕੇ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਮੰਦਿਰ ਆਉਣ ਸੰਬੰਧੀ ਕਈ ਵਾਰ ਵਿਚਾਰ-ਵਟਾਂਦਰਾ ਹੋਇਆ। ਪਰ ਅੱਜ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਮੁੱਖ ਮੰਤਰੀ ਦੀ ਪਤਨੀ ਇੱਥੇ ਆਏ ਅਤੇ ਆਪਣੀ ਇੱਛਾ ਪੂਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਭਗਵਾਨ ਸ਼ਿਵ ਸ਼ੰਕਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੱਥਾ ਟੇਕਣ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੀ ਹੈ। ਉਨ੍ਹਾਂ ਨੂੰ ਖੁਸ਼ੀ ਹੋਈ ਕਿ ਉਹ ਭਗਵਾਨ ਸ਼ਿਵ ਸ਼ੰਕਰ ਦੇ ਇੰਨੇ ਪੁਰਾਣੇ ਮੰਦਿਰ ਵਿੱਚ ਮੱਥਾ ਟੇਕਣ ਆਏ। ਉਨ੍ਹਾਂ ਨੇ ਮੰਦਿਰ ਵਿੱਚ ਮੌਜੂਦ ਮਹਿਲਾ ਸ਼ਰਧਾਲੂਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਖੁਸ਼ੀ ਨਾਲ ਸਵੀਕਾਰ ਕੀਤੀਆਂ।
ਸਿੱਖਿਆ ਮੰਤਰੀ ਦੀ IPS ਪਤਨੀ ਨੇ ਸਰਸਵਤੀ ਮੰਦਿਰ ਟੇਕਿਆ ਮੱਥਾ
ਖੰਨਾ ਦੇ ਐਸਐਸਪੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਡਾ. ਜਯੋਤੀ ਯਾਦਵ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਭਗਵਾਨ ਸ਼ਿਵ ਦੇ ਮੰਦਿਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਵੀ ਲਿਆ। ਐਸਐਸਪੀ ਨੇ ਜੀਟੀ ਰੋਡ ਖੰਨਾ ਸਥਿਤ ਸਰਸਵਤੀ ਮੰਦਿਰ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ 88 ਮੰਦਿਰਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਸਮਰਾਲਾ ਵਿੱਚ ਚਹਿਲਾਂ ਅਤੇ ਪਾਇਲ ਵਿਖੇ ਦੋ ਪ੍ਰਾਚੀਨ ਇਤਿਹਾਸਕ ਮੰਦਰ ਹਨ। ਇਨ੍ਹਾਂ ਦੋਨਾਂ ਮੰਦਿਰਾਂ 'ਚ ਜ਼ਿਆਦਾ ਭੀੜ ਰਹਿੰਦੀ ਹੈ। ਇੱਥੇ ਵਾਧੂ ਫੋਰਸ ਲਗਾਈ ਗਈ ਹੈ ਤਾਂਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਬਾਕੀ ਸਾਰੇ ਮੰਦਿਰਾਂ ਦੇ ਅੰਦਰ ਤੇ ਬਾਹਰ ਵੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ।