ਅੰਮ੍ਰਿਤਸਰ: ਪੂਰੇ ਦੇਸ਼ 'ਚ ਮਹਾ ਸ਼ਿਵਰਾਤੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਮਹਾਸ਼ਿਵਰਾਤਰੀ ਦੇ ਮੌਕੇ ਅਜਨਾਲਾ ਅਤੇ ਫਤਿਹਗੜ੍ਹ ਚੂੜੀਆਂ ਵਾਸੀਆਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਲਈ ਇੱਕ ਵੱਖਰਾ ਤਰੀਕਾ ਲੱਭਿਆ ਹੈ। ਜਿਸ ਦੌਰਾਨ ਅਜਨਾਲਾ ਵਾਸੀ ਮਾਤਾ ਪਾਰਵਤੀ ਦਾ ਪਰਿਵਾਰ ਬਣ ਫਤਿਹਗੜ੍ਹ ਚੂੜੀਆਂ ਵਿਖੇ ਸ਼ਿਵ ਭੋਲੇਨਾਥ ਦੇ ਪਰਿਵਾਰ ਵਿੱਚ ਪਹੁੰਚ ਕੇ ਉਹਨਾਂ ਨੂੰ ਸ਼ਗੁਨ ਲਗਾਉਣਗੇ। ਸ਼ਗਨ ਦੀ ਰਸਮ ਹੋਣ ਤੋਂ ਬਾਅਦ ਪੂਰੇ ਫਤਿਹਗੜ੍ਹ ਚੂੜੀਆਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਭਗਵਾਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਦੇਰ ਰਾਤ ਵਿਆਹ ਰਚਾਇਆ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਜਾਵੇ।
11 ਸਾਲਾਂ ਤੋਂ ਨਿਭਾਈ ਜਾ ਰਹੀ ਰਸਮ
ਤੁਹਾਨੂੰ ਦੱਸ ਦਈਏ ਕਿ ਇਹ ਰਸਮ ਨੂੰ ਸ਼ਰਧਾਲੂ ਪਿਛਲੇ 11 ਸਾਲਾਂ ਤੋਂ ਮਨਾ ਰਹੇ ਹਨ। ਸ਼ਰਧਾਲੂ ਅਜਨਾਲਾ ਤੋਂ ਮਾਤਾ ਪਾਰਵਤੀ ਦਾ ਪਰਿਵਾਰ ਬਣ ਸ਼ਿਵ ਭੋਲੇ ਭੰਡਾਰੀ ਦਾ ਸ਼ਗਨ ਲੈ ਕੇ ਜਾਂਦੇ ਹਨ। ਇਸ ਰਸਮ 'ਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਿਲ ਹੁੰਦੇ ਹਨ। ਹਰ ਪਾਸੇ ਸ਼ਿਵ ਭੋਲੇ ਦੇ ਜੈਕਾਰੇ ਗੂੰਜਦੇ ਹਨ।
ਸ਼ਿਵਰਾਤਰੀ ਦਾ ਇਤਿਹਾਸ
ਮੰਦਿਰ ਦੇ ਪੁਜਾਰੀ ਨੇ ਦੱਸਿਆ ਹੈ ਕਿ ਮਹਾ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਗਰਾਤਾ ਕਰ ਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।