ਮੁੰਬਈ: ਭਾਰਤੀ ਹਵਾਈ ਸੈਨਾ ਤੋਂ ਪ੍ਰੇਰਿਤ ਫਿਲਮ 'ਫਾਈਟਰ' ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਹੈ। ਪਰ ਹੁਣ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਫਿਲਮ 'ਚ ਇੱਕ ਕਿਸਿੰਗ ਸੀਨ ਕਾਰਨ ਮੁਸ਼ਕਲ 'ਚ ਹਨ। ਫਿਲਮ 'ਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ, ਕਰਨ ਸਿੰਘ ਗਰੋਵਰ, ਅਕਸ਼ੇ ਓਬਰਾਏ ਵਰਗੇ ਸਿਤਾਰਿਆਂ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ।
ਵਰਦੀ 'ਚ ਕਿਸਿੰਗ ਸੀਨ 'ਤੇ ਪ੍ਰਗਟਾਇਆ ਗਿਆ ਇਤਰਾਜ਼:ਅਸਲ 'ਚ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦਾ ਇੱਕ ਕਿਸਿੰਗ ਸੀਨ ਹੈ, ਜੋ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਦੀ ਵਰਦੀ 'ਚ ਪਾ ਕੇ ਕੀਤਾ ਹੈ। ਜਿਸ ਕਾਰਨ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਦਿੱਤਾ ਗਿਆ ਹੈ। ਨੋਟਿਸ 'ਚ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਦੇ ਨਾਂ ਵੀ ਹਨ।
ਦਰਅਸਲ, ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਇਸ ਸੀਨ 'ਤੇ ਇਤਰਾਜ਼ ਹੈ ਅਤੇ ਇਸੇ ਲਈ ਫਾਈਟਰ ਦੇ ਨਿਰਮਾਤਾਵਾਂ ਨੂੰ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਅਸਾਮ ਦੇ ਹਵਾਈ ਸੈਨਾ ਅਧਿਕਾਰੀ ਸੌਮਿਆ ਦੀਪ ਦਾਸ ਦੁਆਰਾ ਜਾਰੀ ਕੀਤਾ ਗਿਆ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਇਹ ਦ੍ਰਿਸ਼ ਹਵਾਈ ਸੈਨਾ ਦੇ ਆਦਰਸ਼ਾਂ ਨੂੰ ਠੇਸ ਪਹੁੰਚਾਉਂਦਾ ਹੈ।
ਏਅਰ ਸਟ੍ਰਾਈਕ 'ਤੇ ਆਧਾਰਿਤ ਹੈ ਫਿਲਮ ਫਾਈਟਰ: ਇਹ ਫਿਲਮ ਫਾਈਟਰ ਏਅਰ ਫੋਰਸ ਦੇ ਮਿਸ਼ਨ 'ਤੇ ਆਧਾਰਿਤ ਹੈ। ਜਿਸ ਵਿੱਚ ਦੁਸ਼ਮਣ ਦੇਸ਼ ਤੋਂ ਅੱਤਵਾਦੀ ਹਮਲਾ ਹੁੰਦਾ ਹੈ ਅਤੇ ਭਾਰਤ ਵਾਲੇ ਪਾਸੇ ਤੋਂ ਬਦਲੇ ਵਿੱਚ ਹਵਾਈ ਹਮਲਾ ਕੀਤਾ ਜਾਂਦਾ ਹੈ। ਇਸ ਫਿਲਮ 'ਚ ਪੁਲਵਾਮਾ ਹਮਲੇ ਦੀ ਝਲਕ ਵੀ ਦਿਖਾਈ ਗਈ ਹੈ। ਫਿਲਮ ਨੇ ਆਪਣੇ ਦਮਦਾਰ ਡਾਇਲਾਗਸ ਅਤੇ ਸ਼ਾਨਦਾਰ ਏਰੀਅਲ ਐਕਸ਼ਨ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਵਿੱਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ, ਅਕਸ਼ੈ ਓਬਰਾਏ ਅਤੇ ਕਰਨ ਸਿੰਘ ਗਰੋਵਰ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ।