ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਨਿਰਮਾਤਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਮਨੀਤ ਸ਼ੇਰ ਸਿੰਘ ਅਤੇ ਰਮਨੀਤ ਸ਼ੇਰ ਸਿੰਘ, ਜੋ ਹੁਣ ਬਾਲੀਵੁੱਡ ਵਿੱਚ ਵੀ ਕਦਮ ਧਰਾਈ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈ ਜਾ ਰਹੀ ਆਪਣੀ ਪਹਿਲੀ ਹਿੰਦੀ ਫਿਲਮ 'ਕੰਟੀਨਿਊਟੀ ਆਫ ਲਾਈਫ' ਦਾ ਪਹਿਲਾਂ ਸ਼ੈਡਿਊਲ ਦੇਹਰਾਦੂਨ ਵਿਖੇ ਸੰਪੰਨ ਕਰ ਲਿਆ ਗਿਆ ਹੈ।
'ਟਾਈਗਰ ਟਿਊਨਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ-ਡ੍ਰਾਮਾ ਫਿਲਮ ਦਾ ਨਿਰਦੇਸ਼ਨ ਪੰਜਾਬ ਮੂਲ ਦੇ ਚੰਨਦੀਪ ਧਾਲੀਵਾਲ ਕਰ ਰਹੇ ਹਨ, ਜੋ ਇਸ ਫਿਲਮ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।
ਸਿਨੇਮਾ ਦੀ ਦੁਨੀਆਂ ਵਿੱਚ ਪਰਦੇ ਪਿੱਛੇ ਹੋਣ ਵਾਲੀਆਂ ਗਤੀਵਿਧੀਆਂ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੁਆਲੇ ਬੁਣੀ ਗਈ ਇਸ ਇਮੌਸ਼ਨਲ ਫਿਲਮ ਵਿੱਚ ਵਰਸਟਾਈਲ ਹਿੰਦੀ ਸਿਨੇਮਾ ਐਕਟਰ ਦੀਪਕ ਡੋਬਿਰਆਲ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਵੱਡੀਆਂ-ਬਹੁ-ਚਰਚਿਤ ਅਤੇ ਸਫਲ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਭੋਲਾ', 'ਤਨੂ ਵੈਡਜ਼ ਮਨੂ', 'ਤਨੂ ਵੈਡਜ ਮਨੂ ਰਿਟਰਨਜ਼', 'ਅੰਗਰੇਜ਼ੀ ਮੀਡੀਅਮ', 'ਗੁੱਡ ਲੱਕ ਜੈਰੀ' ਆਦਿ ਸ਼ਾਮਿਲ ਰਹੀਆਂ ਹਨ।
ਓਧਰ ਉਕਤ ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਅਤੇ ਰਮਨੀਤ ਸ਼ੇਰ ਸਿੰਘ ਵੱਲੋਂ ਹੁਣ ਤੱਕ ਬਣਾਈਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਤੌਰ ਨਿਰਮਾਤਾ ਇੰਨੀਂ ਦਿਨੀਂ 'ਨਿੱਕਾ ਜ਼ੈਲਦਾਰ 4' ਦਾ ਨਿਰਮਾਣ ਕਰ ਰਹੇ ਇਹ ਨੌਜਵਾਨ ਫਿਲਮ ਨਿਰਮਾਣਕਾਰ 'ਨਿੱਕਾ ਜ਼ੈਲਦਾਰ 3', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ', 'ਛੱਲੇ ਮੁੰਦੀਆਂ', 'ਲੱਡੂ ਬਰਫੀ' ਆਦਿ ਦਾ ਵੀ ਨਿਰਮਾਣ ਕਰ ਚੁੱਕੇ ਹਨ, ਜਿੰਨ੍ਹਾਂ ਦੇ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਜਾਣ ਵਾਲੀ ਉਕਤ ਪਹਿਲੀ ਹਿੰਦੀ ਫਿਲਮ ਹੋਵੇਗੀ, ਜਿਸ ਦੀ ਪੂਰਨ ਸਟਾਰ ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਉਕਤ ਹਿੰਦੀ ਫਿਲਮ ਦੇ ਨਿਰਦੇਸ਼ਕ ਚੰਨਦੀਪ ਧਾਲੀਵਾਲ ਦੇ ਸਿਨੇਮਾ ਸਫ਼ਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ 'ਸਿੰਘਾ' ਸਟਾਰਰ ਫਿਲਮ 'ਬੇਫਿਕਰਾ' ਨਾਲ ਜੁੜੇ ਰਹੇ ਇਹ ਪ੍ਰਤਿਭਾਵਾਨ ਨਿਰਦੇਸ਼ਕ ਕਈ ਬਿੱਗ ਸੈਟਅੱਪ ਮਿਊਜ਼ਿਕ ਵੀਡੀਓਜ਼ ਦੀ ਵੀ ਨਿਰਦੇਸ਼ਨਾ ਕਰ ਚੁੱਕੇ ਹਨ।