ਚੰਡੀਗੜ੍ਹ: ਇਸ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਅੰਬਰਾਂ ਨੂੰ ਛੂਹ ਰਹੀ ਹੈ, ਸ਼ਾਇਦ ਹੀ ਕੋਈ ਬਾਲੀਵੁੱਡ ਫਿਲਮ ਹੋਵੇ ਜਿਸ ਵਿੱਚ ਪੰਜਾਬੀ ਗੀਤ ਨਾ ਹੋਵੇ। ਕੋਈ ਸਮਾਂ ਸੀ ਜਦੋਂ ਪੰਜਾਬੀ ਗੀਤ ਸਿਰਫ਼ ਫਿਲਮਾਂ ਤੱਕ ਹੀ ਸੀਮਤ ਸਨ। ਪਰ ਹੁਣ ਪੰਜਾਬੀ ਗੀਤਾਂ ਨੇ ਪੂਰੇ ਦੇਸ਼ ਨੂੰ ਹਿਲਾਇਆ ਹੋਇਆ ਹੈ। ਕਾਫੀ ਸਾਰੇ ਪੰਜਾਬੀ ਗਾਇਕ ਤਾਂ ਅਜਿਹੇ ਹਨ, ਜਿੰਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਪਲ਼ਾਂ ਵਿੱਚ ਵਾਇਰਲ ਹੋ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕਾਂ ਦੇ ਅਸਲੀ ਨਾਂਅ ਅਤੇ ਸਟੇਜੀ ਨਾਂਅ ਵੱਖਰੇ-ਵੱਖਰੇ ਹਨ।
ਹੁਣ ਇੱਥੇ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਮਸ਼ਹੂਰ ਗਾਇਕਾਂ ਦੀ ਸੂਚੀ ਬਣਾਈ ਹੈ, ਜਿੰਨ੍ਹਾਂ ਦੇ ਅਸਲੀ ਨਾਮਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿਸ ਵਿੱਚ ਕਰਨ ਔਜਲਾ, ਐਮੀ ਵਿਰਕ, ਗੁਰੂ ਰੰਧਾਵਾ ਅਤੇ ਗਿੱਪੀ ਗਰੇਵਾਲ ਵਰਗੇ ਕਈ ਵੱਡੇ ਗਾਇਕਾਂ ਦੇ ਨਾਂਅ ਸ਼ਾਮਿਲ ਹਨ।
ਬੱਬੂ ਮਾਨ: 'ਮਿੱਤਰਾਂ ਦੀ ਛੱਤਰੀ', 'ਹਸ਼ਰ', 'ਰੱਬ ਨਾ ਕਰੇ', 'ਸਾਉਣ ਝੜੀ', 'ਪਾਗ਼ਲ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਬੱਬੂ ਮਾਨ ਦਾ ਅਸਲੀ ਨਾਂਅ ਤੇਜਿੰਦਰ ਸਿੰਘ ਹੈ। ਬੱਬੂ ਮਾਨ ਇਸ ਸਮੇਂ ਆਪਣੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਕਰਨ ਔਜਲਾ:'ਕਿਆ ਬਾਤ', 'ਤੌਬਾ ਤੌਬਾ', 'ਚਿੱਟਾ ਕੁੜਤਾ' ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੇ ਗਾਇਕ ਕਰਨ ਔਜਲਾ ਦਾ ਅਸਲੀ ਨਾਂਅ ਜਸਕਰਨ ਸਿੰਘ ਔਜਲਾ ਹੈ, ਗਾਇਕ ਇਸ ਸਮੇਂ ਵਿਦੇਸ਼ੀ ਕੰਸਰਟ ਨੂੰ ਲੈ ਕੇ ਕੇਂਦਰ ਵਿੱਚ ਹਨ।
ਹਾਰਡੀ ਸੰਧੂ:ਗੀਤ 'ਸੋਚ' ਅਤੇ 'ਜੋਕਰ' ਨਾਲ ਸਭ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਹਾਰਡੀ ਸੰਧੂ ਦਾ ਅਸਲੀ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ, ਗਾਇਕ ਕਈ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।
ਏਪੀ ਢਿੱਲੋਂ: ਰੈਪਰ ਅਤੇ ਗਾਇਕ ਏਪੀ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਵੱਡਾ ਨਾਂਅ ਹਨ। ਗਾਇਕ ਦੇ ਗੀਤ 'ਬ੍ਰਾਊਨ ਮੁੰਡੇ' ਅੱਜ ਵੀ ਦਰਸ਼ਕਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਸੁਣਿਆ ਜਾਂਦਾ ਹੈ। ਏਪੀ ਢਿੱਲੋਂ ਦਾ ਅਸਲੀ ਨਾਂਅ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ।
ਸਿੱਧੂ ਮੂਸੇਵਾਲਾ: ਇਸ ਲਿਸਟ ਵਿੱਚ ਅਸੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਵੀ ਸ਼ਾਮਲ ਕੀਤਾ ਹੈ, ਗਾਇਕ ਦਾ ਅਸਲੀ ਨਾਮ ਸ਼ੁੱਭਦੀਪ ਸਿੰਘ ਸਿੱਧੂਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਮਸ਼ਹੂਰ ਮਰਹੂਮ ਗਾਇਕ ਦਾ ਬਹੁਤ ਵੱਡਾ ਨਾਮ ਹੈ।