ਚੰਡੀਗੜ੍ਹ: ਪੰਜਾਬੀ ਕਾਮੇਡੀ ਲਘੂ ਫਿਲਮਾਂ ਦੇ ਖੇਤਰ ਨੂੰ ਵਿਸ਼ਾਲਤਾ ਅਤੇ ਸਫਲਤਾ ਦੇ ਨਵੇਂ ਆਯਾਮ ਦੇਣ ਵਿੱਚ ਕਾਮੇਡੀਅਨ ਗੁਰਚੇਤ ਚਿੱਤਰਕਾਰ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਦੀ ਸ਼ਾਨਦਾਰ ਲੜੀ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੀ ਸੁਪਰ ਡੁਪਰ ਹਿੱਟ ਕਾਮੇਡੀ ਸੀਰੀਜ਼ 'ਫੈਮਿਲੀ 420' ਦਾ ਨਵਾਂ ਭਾਗ 'ਫੈਮਿਲੀ 438' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨਾਂ ਵੱਲੋਂ 26 ਜਨਵਰੀ ਨੂੰ ਅਪਣੇ ਸ਼ੋਸ਼ਲ ਪਲੇਟਫ਼ਾਰਮ ਉੱਪਰ ਰਿਲੀਜ਼ ਕੀਤਾ ਜਾਵੇਗਾ।
'ਗੁਰਚੇਤ ਚਿੱਤਰਕਾਰ ਫਿਲਮਜ਼' ਪ੍ਰੋਡੋਕਸ਼ਨ ਦੇ ਬੈਨਰ ਅਧੀਨ ਜਾਰੀ ਕੀਤੀ ਜਾ ਰਹੀ ਇਸ ਕਾਮੇਡੀ ਫਿਲਮ ਨੂੰ 'ਲੈ ਲਾ ਤੂੰ ਸਰਪੰਚੀ' ਦੇ ਟਾਈਟਲ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਨਿਰਦੇਸ਼ਨ ਬਿਕਰਮ ਗਿੱਲ, ਜਦ ਕਿ ਸਟੋਰੀ-ਡਾਇਲਾਗ ਅਤੇ ਸਕਰੀਨ ਪਲੇਅ ਲੇਖਨ ਗੁਰਚੇਤ ਚਿੱਤਰਕਾਰ ਵੱਲੋਂ ਖੁਦ ਕੀਤਾ ਗਿਆ ਹੈ, ਜਿੰਨਾਂ ਅਨੁਸਾਰ ਉਨਾਂ ਦੀ ਇਹ ਨਵੀਂ ਹਾਸ-ਰਸ ਪੇਸ਼ਕਸ਼ ਬਹੁਤ ਹੀ ਨਿਵੇਕਲੇ ਕੰਟੈਂਟ ਅਧਾਰਿਤ ਹੈ, ਜਿਸ ਵਿਚ ਪੰਜਾਬ ਦੇ ਨਿਘਾਰ ਵੱਲ ਜਾ ਰਹੇ ਰਾਜਨੀਤਿਕ ਤਾਣੇ ਬਾਣੇ ਦਾ ਵਰਣਨ ਬਹੁਤ ਹੀ ਉਮਦਾ ਅਤੇ ਕਾਮੇਡੀ ਰੂਪ ਵਿੱਚ ਕੀਤਾ ਗਿਆ ਹੈ।
ਉਨਾਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਉਨਾਂ ਚਾਹੇ ਜਿਆਦਾਤਰ ਕਾਮੇਡੀ ਲਘੂ ਫਿਲਮਾਂ ਦਾ ਹੀ ਨਿਰਮਾਣ ਕੀਤਾ ਹੈ ਪਰ ਮਿਆਰ ਪੱਖੋਂ ਕਿਸੇ ਵਿੱਚ ਵੀ ਸਮਝੌਤਾ ਨਹੀਂ ਕੀਤਾ ਗਿਆ ਅਤੇ ਇੰਨਾਂ ਹੀ ਨਹੀਂ, ਹਰ ਫਿਲਮ ਵਿੱਚ ਉਨਾਂ ਕੰਟੈਂਟ ਵੀ ਐਸਾ ਚੁਣਿਆ ਹੈ, ਜਿਸ ਨੂੰ ਹਰ ਪਰਿਵਾਰ ਇਕੱਠਿਆਂ ਬੈਠ ਕੇ ਵੇਖ ਸਕੇ ਅਤੇ ਇਹੀ ਕਾਰਨ ਹੈ ਕਿ ਉਨਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਗਈ ਹਰ ਕਾਮੇਡੀ ਸੀਰੀਜ਼ ਅਤੇ ਫਿਲਮ ਨੂੰ ਦਰਸ਼ਕਾਂ ਦੁਆਰਾ ਬੇਪਨਾਹ ਹੁੰਗਾਰੇ ਨਾਲ ਨਿਵਾਜਿਆ ਗਿਆ ਹੈ, ਜਿਸ ਸੰਬੰਧੀ ਦਿੱਤੇ ਜਾ ਰਹੇ ਦਰਸ਼ਕ ਹੁੰਗਾਰੇ ਨੂੰ ਹੋਰ ਪੁਖਤਗੀ ਦੇਵੇਗੀ ਉਨਾਂ ਦੀ ਇਹ ਨਵੀਂ ਫਿਲਮ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ ਵਿੱਚ ਮੁਕੰਮਲ ਕੀਤੀ ਉਕਤ ਫਿਲਮ ਦਾ ਮਿਊਜ਼ਿਕ ਲੰਕੇਸ਼ ਕਮਲ, ਦੀਪ ਹਮੈਦੀ ਵਾਲਾ, ਕਮਲ, ਡੇਵਿਡ ਨੇ ਤਿਆਰ ਕੀਤਾ, ਜਦਕਿ ਇਸ ਦੇ ਗੀਤਾਂ ਨੂੰ ਪਿੱਠਵਰਤੀ ਆਵਾਜ਼ਾਂ ਲੰਕੇਸ਼ ਕਮਲ, ਰਾਜੀਵ ਖਾਨ ਨੇ ਦਿੱਤੀਆਂ ਅਤੇ ਜੇਕਰ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਸਤਵਿੰਦਰ ਧੀਵਾਨ, ਸਰਬਜੀਤ ਸੁਆਮੀ, ਗੁਰਸ਼ਰਨ, ਵਿਪਨ ਜੋਸ਼ੀ, ਨਗਿੰਦਰ ਗੱਕੜ, ਕਮਲ ਰਾਜਪਾਲ, ਕੁਲਦੀਪ ਸਿੱਧੂ, ਰੋਜੀ ਅਰੋੜਾ, ਰਜਿੰਦਰ ਰੋਜੀ, ਗੁਰਵਿੰਦਰ ਧਾਲੀਵਾਲ, ਰਾਜੀਵ ਖਾਨ, ਦਮਨ ਸੰਧੂ ਅਤੇ ਵੀਰਪਾਲ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਇਸ ਫਿਲਮ ਨੂੰ ਅਲਹਦਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਕੈਮਰਾਮੈਨ ਸਰੂਪ ਕੈਮ ਦੁਆਰਾ ਵੀ ਜੀਅ ਜਾਨ ਨਾਲ ਅਪਣੀਆਂ ਜਿੰਮੇਵਾਰੀਆਂ ਨਿਭਾਈਆਂ ਗਈਆਂ ਹਨ।