ਚੰਡੀਗੜ੍ਹ:ਪੰਜਾਬ ਦੇ ਸਿਰਮੌਰ ਕਾਮੇਡੀਅਨ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਆਏ ਦਿਨ ਆਪਣੀਆਂ ਨਵੀਆਂ ਵੀਡੀਓਜ਼ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਕਾਮੇਡੀਅਨ ਆਏ ਦਿਨ ਨਵੀਆਂ-ਨਵੀਆਂ ਵੀਡੀਓਜ਼ ਸਾਂਝੀਆਂ ਕਰਕੇ ਸਭ ਦਾ ਧਿਆਨ ਖਿੱਚਦੇ ਰਹਿੰਦੇ ਅਤੇ ਸਭ ਨੂੰ ਹਸਾਉਂਦੇ ਰਹਿੰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਉਤੇ ਆਪਣੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ 'ਪਿੰਕੀ ਦਾ ਵਿਆਹ' ਤੋਂ ਕੁੱਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜੋ ਕਿ ਲੋਕ ਸਭਾ ਚੋਣਾਂ ਦੌਰਾਨ ਸਭ ਦਾ ਧਿਆਨ ਖਿੱਚ ਰਹੀਆਂ ਹਨ। ਜੀ ਹਾਂ...ਵੀਡੀਓਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਵੀਡੀਓ ਪੰਜਾਬ ਦੇ ਸਾਬਕਾ ਸੀਐੱਮ ਅਤੇ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬੀ ਜਾਗੀਰ ਕੌਰ ਦੇ ਠੋਡੀ ਵਾਲੇ ਵਿਵਾਦ ਉਤੇ ਹੈ, ਜਿਸ ਨੂੰ ਦੇਖ ਕੇ ਕੋਈ ਵੀ ਹੱਸੇ ਤੋਂ ਬਿਨ੍ਹਾਂ ਰਹਿ ਨਹੀਂ ਸਕਦਾ।
ਦੂਜੀ ਵੀਡੀਓ ਵਿੱਚ ਕਾਮੇਡੀਅਨ ਭਾਰਤ ਦੇ ਮੌਜੂਦਾ ਪੀਐੱਮ ਨਰਿੰਦਰ ਮੋਦੀ ਉਤੇ ਤੰਜ ਕੱਸਦੇ ਨਜ਼ਰ ਆ ਰਹੇ ਹਨ, ਵੀਡੀਓ ਵਿੱਚ ਗੁਰਚੇਤ ਚਿੱਤਰਕਾਰ ਇੱਕ ਔਰਤ ਤੋਂ ਕਮਰਾ ਕਿਰਾਏ ਉਤੇ ਲੈਣ ਬਾਰੇ ਪੁੱਛਦਾ ਹੈ, ਅੱਗੋਂ ਔਰਤ ਉਸ ਨੂੰ ਇਸ ਕਰਕੇ ਮਨ੍ਹਾ ਕਰ ਦਿੰਦੀ ਹੈ ਕਿ ਉਹ ਛੜਾ ਹੈ। ਇਸ ਗੱਲ ਉਤੇ ਕਾਮੇਡੀਅਨ ਔਰਤ ਨੂੰ ਕਹਿੰਦਾ ਹੈ ਕਿ 'ਕਮਾਲ ਦੀ ਗੱਲ ਹੈ? ਛੜੇ ਬੰਦੇ ਨੂੰ ਤੁਸੀਂ ਦੇਸ਼ ਸੰਭਾ ਸਕਦੇ ਹੋ ਪਰ ਇੱਕ ਕਮਰਾ ਕਿਰਾਏ ਉਤੇ ਨਹੀਂ ਦੇ ਸਕਦੇ?' ਅੱਗੋਂ ਔਰਤ ਉਸ ਨੂੰ ਕਹਿੰਦੀ ਹੈ ਕਿ 'ਇਸ ਲਈ ਤਾਂ ਦੇਣਾ ਨਹੀਂ, ਉਹ ਦੇਸ਼ ਵੇਚ-ਵੇਚ ਖਾ ਗਿਆ, ਤੂੰ ਸਾਡੇ ਘਰ ਦਾ ਸਮਾਨ ਵੇਚ ਕੇ ਖਾ ਜਾਵੇਗਾ।'
ਤੁਹਾਨੂੰ ਦੱਸ ਦੇਈਏ ਕਿ ਦੋਨਾਂ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਦੇ ਨਾਲ ਹੱਸਣ ਵਾਲੇ ਇਮੋਜੀ ਵੀ ਸਾਂਝੇ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਮੇਡੀਅਨ ਨੇ ਸਿਆਸਤ ਉਤੇ ਨਿਸ਼ਾਨਾ ਸਾਧਿਆ ਹੈ, ਅਦਾਕਾਰ ਆਪਣੀਆਂ ਵੀਡੀਓਜ਼ ਕਾਰਨ ਆਏ ਦਿਨ ਸਰਕਾਰਾਂ ਉਤੇ ਕੁੱਝ ਨਾ ਕੁੱਝ ਬੋਲਦੇ ਰਹਿੰਦੇ ਹਨ।