ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਟਾਰ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਇੰਨੀਂ ਦਿਨੀਂ ਫਿਲਮੀ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦਾ ਨਵਾਂ ਅਤੇ ਦੂਸਰਾ ਗਾਣਾ 'ਅਸ਼ਕੇ' ਸਾਹਮਣੇ ਆਉਣ ਜਾ ਰਿਹਾ ਹੈ, ਜੋ ਭਲਕੇ 20 ਅਗਸਤ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਜੀਓ ਸਟੂਡਿਓਜ਼', 'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਯੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਮੁਰਲੀਧਰ ਛਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ ਅਤੇ ਵਿਨੋਦ ਅਸਵਾਲ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਅਤੇ ਲੇਖਨ ਦੀ ਦੋਹਰੀ ਜਿੰਮੇਵਾਰੀ ਗਿੱਪੀ ਗਰੇਵਾਲ ਵੱਲੋਂ ਹੀ ਨਿਭਾਈ ਗਈ ਹੈ।
ਕੈਨੇਡਾ ਤੋਂ ਇਲਾਵਾ ਪੰਜਾਬ ਦੇ ਰੋਪੜ ਨੇੜਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਅਰਥ-ਭਰਪੂਰ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੋਣੀ, ਰਵਿੰਦਰ ਮੰਡ, ਤਾਨਿਆ ਮਹਾਜਨ ਆਦਿ ਵੱਲੋਂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰ ਅਦਾ ਕੀਤੇ ਗਏ ਹਨ।
ਸਾਲ 2016 'ਚ ਰਿਲੀਜ਼ ਹੋਈ 'ਅਰਦਾਸ' ਅਤੇ ਸਾਲ 2019 ਵਿੱਚ ਸਾਹਮਣੇ ਆਈ 'ਅਰਦਾਸ ਕਰਾਂ' ਦੀ ਤੀਸਰੇ ਸੀਕਵਲ ਵਜੋਂ ਦਰਸ਼ਕਾਂ ਦੇ ਸਨਮੁੱਖ ਕੀਤੀ ਜਾ ਰਹੀ ਇਸ ਫਿਲਮ ਨੂੰ ਵਿਸ਼ਾਲ ਕੈਨਵਸ ਅਧੀਨ ਬਣਾਇਆ ਗਿਆ ਹੈ, ਜਿਸ ਨੂੰ ਅਗਾਮੀ 13 ਸਤੰਬਰ 2016 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।
ਓਧਰ ਫਿਲਮ ਦੇ ਰਿਲੀਜ਼ ਹੋ ਰਹੇ ਉਕਤ ਖੂਬਸੂਰਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਸੰਗੀਤ ਸੰਯੋਜਨਤਾ ਵੀ ਗਿੱਪੀ ਗਰੇਵਾਲ ਵੱਲੋਂ ਕੀਤੀ ਗਈ ਹੈ, ਜਦਕਿ ਮਨ ਨੂੰ ਮੋਹ ਲੈਣ ਵਾਲੇ ਇਸ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਹੈਪੀ ਰਾਏਕੋਟੀ ਨੇ ਕੀਤੀ ਹੈ।