ਚੰਡੀਗੜ੍ਹ: ਗਿੱਪੀ ਗਰੇਵਾਲ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰਮੰਨੇ ਕਲਾਕਾਰ ਹਨ, ਜਿਹਨਾਂ ਨੇ ਸੁਪਰਹਿੱਟ ਗੀਤ ਅਤੇ ਬਲਾਕਬਸਟਰ ਫਿਲਮਾਂ ਪੰਜਾਬੀ ਸਰੋਤਿਆਂ ਨੂੰ ਦਿੱਤੀਆਂ ਹਨ। ਹੁਣ ਇਹ ਦਿੱਗਜ ਕਲਾਕਾਰ ਨਿਰਦੇਸ਼ਕ, ਲੇਖਕ ਅਤੇ ਫਿਲਮ ਨਿਰਮਾਤਾ ਵੀ ਬਣ ਗਏ ਹਨ।
ਇਸ ਸਮੇਂ ਇਹ ਦਿੱਗਜ ਅਦਾਕਾਰ-ਗਾਇਕ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ਵਿੱਚ ਹਨ, ਜੋ ਕਿ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ, ਹਾਲ ਹੀ ਵਿੱਚ ਫਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ।
ਹੁਣ ਗਾਇਕ ਨੇ ਇਸ ਫਿਲਮ ਦੇ ਨਵੇਂ ਗੀਤ ਡਿਸਕੋ' ਦਾ ਐਲਾਨ ਕੀਤਾ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ, ਇਸ ਗੀਤ ਲਈ ਗਾਇਕ ਨੇ ਰੈਪਰ ਬਾਦਸ਼ਾਹ ਨਾਲ ਹੱਥ ਮਿਲਾਇਆ ਹੈ। ਇਹਨਾਂ ਦੋਵਾਂ ਸਿਤਾਰਿਆਂ ਨੇ ਪਹਿਲਾਂ 2016 ਵਿੱਚ ਗੀਤ 'ਆਸਕਰ' ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ।
ਨਵੇਂ ਗੀਤ ਬਾਰੇ ਜਾਣਕਾਰੀ 'ਹੰਬਲ ਮੋਸ਼ਨ ਪਿਕਚਰਜ਼' ਨੇ ਸਾਂਝੀ ਕੀਤੀ ਹੈ, ਇਸ ਤੋਂ ਇਲਾਵਾ ਗੀਤ ਦੇ ਸਿਤਾਰੇ ਹਿਨਾ ਖਾਨ, ਗਿੱਪੀ ਗਰੇਵਾਲ ਅਤੇ ਬਾਦਸ਼ਾਹ ਨੇ ਵੀ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਸ ਨੂੰ ਸਾਂਝਾ ਕੀਤਾ ਹੈ।
ਇਸ ਦੌਰਾਨ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਗੱਲ ਕਰੀਏ ਤਾਂ ਇਸ ਵਿੱਚ ਰੀਅਲ ਜ਼ਿੰਦਗੀ ਦੇ ਪਿਤਾ-ਪੁੱਤਰ ਯਾਨੀ ਕਿ ਗਿੱਪੀ ਅਤੇ ਸ਼ਿੰਦੇ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਹੈ। ਇਸ ਤੋਂ ਇਲਾਵਾ ਇਸ ਫਿਲਮ ਨਾਲ ਹਿਨਾ ਖਾਨ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰ ਰਹੀ ਹੈ, ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਹੈ।
ਅਮਰਪ੍ਰੀਤ ਜੀਐਸ ਛਾਬੜਾ ਦੇ ਨਿਰਦੇਸ਼ਨ ਹੇਠ ਬਣੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਹਿਨਾ ਖਾਨ ਤੋਂ ਇਲਾਵਾ ਨਿਰਮਲ ਰਿਸ਼ੀ, ਹਰਦੀਪ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਸੀਮਾ ਕੌਸ਼ਲ, ਰਘਵੀਰ ਬੋਲੀ, ਜਸਵਿੰਦਰ ਭੱਲਾ ਅਤੇ ਏਕੋਮ ਗਰੇਵਾਲ ਸਮੇਤ ਪ੍ਰਤਿਭਾਸ਼ਾਲੀ ਕਲਾਕਾਰ ਹਨ। 10 ਮਈ 2024 ਨੂੰ ਇਹ ਫਿਲਮ ਵੱਡੇ ਪੱਧਰ ਉਤੇ ਰਿਲੀਜ਼ ਹੋਵੇਗੀ।