ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੂੰ ਹਾਲ ਹੀ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ 22 ਅਪ੍ਰੈਲ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਪੰਜਾਬੀ ਸਿਨੇਮਾ ਦੀ ਇਸ ਦਿੱਗਜ ਅਦਾਕਾਰਾ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸਮਾਰੋਹ ਵਿੱਚ ਸਾਲ 2024 ਲਈ 3 ਪਦਮ ਵਿਭੂਸ਼ਣ, 8 ਪਦਮ ਭੂਸ਼ਣ ਅਤੇ 55 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ।
ਇਸੇ ਤਰ੍ਹਾਂ ਹੁਣ 80 ਸਾਲ ਦੀ ਉਮਰ 'ਚ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਨਿਰਮਲ ਰਿਸ਼ੀ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀ 41 ਸਾਲਾਂ ਦੀ ਮਿਹਨਤ ਤੋਂ ਬਾਅਦ ਮਿਲਿਆ ਹੈ।
ਇਸੇ ਤਰ੍ਹਾਂ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਗੱਲਬਾਤ ਦੌਰਾਨ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ "ਜਦੋਂ ਮੈਨੂੰ ਪਹਿਲਾਂ ਕਾਲ ਆਇਆ, ਮੈਂ ਘਬਰਾ ਗਈ...ਮੈਂ ਖੁਸ਼ ਹਾਂ ਕਿ ਮੈਨੂੰ ਇਹ ਪ੍ਰਾਪਤ ਹੋਇਆ...ਮੈਂ ਬਹੁਤ ਸਾਰਾ ਥੀਏਟਰ ਕੀਤਾ ਹੈ। ਮੈਂ ਲਗਭਗ 100 ਫਿਲਮਾਂ ਵਿੱਚ ਕੰਮ ਕੀਤਾ ਹੈ...।" ਨਿਰਮਲ ਰਿਸ਼ੀ ਫਿਲਮ 'ਲੌਂਗ ਦਾ ਲਿਸ਼ਕਾਰਾ' ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਨਾਲ ਪ੍ਰਸਿੱਧ ਹੋਈ ਸੀ।
ਉਲੇਖਯੋਗ ਹੈ ਕਿ ਨਿਰਮਲ ਰਿਸ਼ੀ ਨੇ ਪੰਜਾਬੀ ਫਿਲਮਾਂ ਅਤੇ ਰੰਗਮੰਚ ਵਿੱਚ ਅਦਾਕਾਰ ਹੋਣ ਤੋਂ ਲੈ ਕੇ ਪਦਮਸ਼੍ਰੀ ਪ੍ਰਾਪਤ ਕਰਨ ਤੱਕ ਦਾ ਸ਼ਾਨਦਾਰ ਸਫ਼ਰ ਤੈਅ ਕੀਤਾ ਹੈ, ਨਿਰਮਲ ਰਿਸ਼ੀ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਜਿਸ ਫਿਲਮ ਵਿੱਚ ਦਿੱਗਜ ਅਦਾਕਾਰਾ ਰਿਸ਼ੀ ਨਜ਼ਰ ਨਹੀਂ ਆਉਂਦੀ ਉਹ ਫਿਲਮ ਅਧੂਰੀ ਦਿਖਾਈ ਦਿੰਦੀ ਹੈ। ਰਿਸ਼ੀ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਹ 'ਦੰਗਲ' ਅਤੇ 'ਰਾਜਮਾ ਚਾਵਲ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਨਿਰਮਲ ਰਿਸ਼ੀ ਬਾਰੇ:ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ, ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਨਿਰਮਲ ਰਿਸ਼ੀ ਖਾਲਸਾ ਕਾਲਜ ਲੁਧਿਆਣਾ ਵਿੱਚ ਸਰੀਰਕ ਸਿੱਖਿਆ ਦੇ ਲੈਕਚਰਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 'ਅੰਗਰੇਜ਼', 'ਨਿੱਕਾ ਜ਼ੈਲਦਾਰ' ਵਰਗੀਆਂ ਫਿਲਮਾਂ ਲਈ ਉਨ੍ਹਾਂ ਨੂੰ ਸਾਲ 2012 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਾ ਹੈ।
ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਜਲਦ ਹੀ ਗਿੱਪੀ ਗਰੇਵਾਲ ਅਤੇ ਹਿਨਾ ਖਾਨ ਸਟਾਰਰ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਨਜ਼ਰ ਆਉਣ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਅਧੀਨ ਪਈਆਂ ਹਨ।