ਜਾਮਨਗਰ:ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ ਦੋਵਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ 'ਤੇ ਟਿਕੀਆਂ ਹੋਈਆਂ ਹਨ। ਇਸ ਜਸ਼ਨ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਗੁਜਰਾਤ ਦੇ ਜਾਮਨਗਰ ਪਹੁੰਚੀਆਂ ਹਨ।
ਇਸ ਦੌਰਾਨ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੂਜੇ ਦਿਨ ਦੀਆਂ ਕੁਝ ਤਾਜ਼ਾ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜੋ ਇਸ ਸਮੇਂ ਵਾਇਰਲ ਹੋ ਰਹੀਆਂ ਹਨ।
ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ 'ਚ ਅੰਬਾਨੀ ਦੀ ਪਾਰਟੀ 'ਚ ਮੌਜੂਦ ਸਿਤਾਰੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪੰਜਾਬੀ ਇੰਡਸਟਰੀ ਦੀ ਜਾਨ ਮੰਨੇ ਜਾਂਦੇ ਗਾਇਕ ਦਿਲਜੀਤ ਦੁਸਾਂਝ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਦੇਖਿਆ ਗਿਆ। ਇਸ ਦੌਰਾਨ ਗਾਇਕ ਚਿੱਟੇ ਕੁੜਤੇ-ਪਜਾਮੇ ਅਤੇ ਲਾਲ ਰੰਗ ਦੀ ਪੱਗ 'ਚ ਸਜੇ ਨਜ਼ਰ ਆ ਰਹੇ ਹਨ। ਗਾਇਕ ਨੂੰ ਹੱਥ ਜੋੜ ਕੇ ਪਾਪਰਾਜ਼ੀ ਦਾ ਸਵਾਗਤ ਕਰਦੇ ਵੀ ਦੇਖਿਆ ਗਿਆ। ਦਿਲਜੀਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ 'ਚ ਪਰਫਾਰਮ ਵੀ ਕਰਨਗੇ।
ਉਲੇਖਯੋਗ ਹੈ ਕਿ ਇਸ ਖਾਸ ਫੰਕਸ਼ਨ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋ ਰਹੀਆਂ ਹਨ। ਇਸ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਸੈਫ ਅਲੀ ਖਾਨ, ਕਰੀਨਾ ਕਪੂਰ ਖਾਨ, ਸਾਰਾ ਅਲੀ ਖਾਨ, ਇਬਰਾਹਿਮ ਅਲੀ, ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ, ਜਾਹਨਵੀ ਕਪੂਰ, ਮਾਨੁਸ਼ੀ ਛਿੱਲਰ, ਰਾਣੀ ਮੁਖਰਜੀ ਅਤੇ ਮਨੀਸ਼ ਮਲਹੋਤਰਾ, ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਸ਼ਾਮਲ ਹੋਏ ਹਨ। ਆਲੀਆ ਭੱਟ ਵੀ ਆਪਣੇ ਅਦਾਕਾਰ-ਪਤੀ ਰਣਬੀਰ ਕਪੂਰ ਅਤੇ ਸੱਸ ਨੀਤੂ ਕਪੂਰ ਨਾਲ ਇਸ ਵਿੱਚ ਸ਼ਾਮਲ ਹੋਈ ਹੈ। ਇਸ ਤੋਂ ਇਲਾਵਾ ਰਾਜਨੀਤੀ ਤੋਂ ਵੀ ਕਾਫੀ ਸਾਰੇ ਵੱਡੇ ਨਾਂਅ ਸ਼ਾਮਿਲ ਹੋ ਰਹੇ ਹਨ, ਵੱਖ ਵੱਖ ਖਿਡਾਰੀ ਵੀ ਇਸ ਫੰਕਸ਼ਨ ਨੂੰ ਚਾਰ ਚੰਨ ਲਾ ਰਹੇ ਹਨ।