ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਚੋਖਾ ਨਾਮਣਾ ਖੱਟ ਚੁੱਕੇ ਹਨ ਕਾਮੇਡੀਅਨ ਜਸਵੰਤ ਸਿੰਘ ਰਠੌਰ, ਜੋ ਹੁਣ ਸਟੇਜ ਸ਼ੋਅ ਦੇ ਖਿੱਤੇ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਦੀਆਂ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਪ੍ਰਭਾਵੀ ਕੋਸ਼ਿਸ਼ਾਂ ਦਾ ਹੀ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ, ਉਨ੍ਹਾਂ ਦਾ ਪਹਿਲਾਂ ਸਟੈਂਡਅੱਪ ਕਾਮੇਡੀ ਸ਼ੋਅ 'ਵੀਸੀਆਰਟੂਪੀਵੀਆਰ ਬਾਏ ਜੇਸੀਆਰ', ਜਿਸ ਵਿੱਚ ਦਰਸ਼ਕਾਂ ਨੇ ਅਪਣੀ ਭਰਵੀਂ ਮੌਜ਼ੂਦਗੀ ਦਰਜ ਕਰਵਾਈ।
ਲੋਕਮਨ ਪੰਜਾਬ ਵੱਲੋਂ ਆਯੋਜਿਤ ਕੀਤੇ ਗਏ ਉਕਤ ਕਾਮੇਡੀ ਪਲੇ ਦਾ ਪ੍ਰਸਤੁਤੀਕਰਨ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਕੀਤਾ ਗਿਆ, ਜਿਸ ਵਿੱਚ ਸਿਨੇਮਾ ਅਤੇ ਛੋਟੇ ਪਰਦੇ ਨਾਲ ਜੁੜੀਆਂ ਕਈ ਨਾਮਵਰ ਸ਼ਖਸ਼ੀਅਤਾਂ ਨੇ ਵੀ ਉਚੇਚੀ ਸ਼ਿਰਕਤ ਕੀਤੀ, ਜਿੰਨ੍ਹਾਂ ਵਿੱਚ ਮਸ਼ਹੂਰ ਕਾਮੇਡੀਅਨ ਚਾਚਾ ਰੌਣਕੀ ਰਾਮ ਵੀ ਸ਼ਾਮਿਲ ਸਨ।
ਜਲੰਧਰ ਤੋਂ ਖਾਸ ਤੌਰ ਉਤੇ ਇਸ ਸ਼ੋਅ ਦਾ ਹਿੱਸਾ ਬਣੇ ਇਸ ਦਿੱਗਜ ਐਕਟਰ ਨੇ ਅਪਣੇ ਮਨ ਦੇ ਵਲਵਲੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਸ਼ਗਿਰਦ ਜਸਵੰਤ ਸਿੰਘ ਰਾਠੌਰ ਅੱਜ ਇਕੱਲਿਆਂ ਕਿਸੇ ਸ਼ੋਅ ਦਾ ਭਾਰ ਅਪਣੇ ਮੋਢਿਆਂ ਉਤੇ ਸਹਿਣ ਜੋਗਾ ਹੋ ਗਿਆ ਹੈ, ਜਿਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਜਨੂੰਨੀਅਤ ਨਾਲ ਮਿਹਨਤ ਨੂੰ ਅੰਜ਼ਾਮ ਦਿੱਤਾ ਹੈ।
ਓਧਰ ਅਪਣੇ ਇਸ ਪਹਿਲੇ ਸਟੈਂਡਅੱਪ ਕਾਮੇਡੀ ਸ਼ੋਅ ਨੂੰ ਮਿਲੇ ਭਰਪੂਰ ਦਰਸ਼ਕ ਹੁੰਗਾਰੇ ਨੂੰ ਲੈ ਕੇ ਅਦਾਕਾਰ-ਕਾਮੇਡੀਅਨ ਜਸਵੰਤ ਸਿੰਘ ਰਾਠੌਰ ਵੀ ਖਾਸੇ ਉਤਸ਼ਾਹਿਤ ਨਜ਼ਰ ਆਏ, ਜਿੰਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ 'ਸ਼ੋਅ ਦੇ ਹਿੱਟ ਰਹਿਣ ਦੀ ਉਮੀਦ ਤਾਂ ਸੀ, ਪਰ ਦਰਸ਼ਕਾਂ ਵੱਲੋਂ ਆਸ ਤੋਂ ਵੀ ਵੱਧ ਪਿਆਰ ਸਨੇਹ ਨਾਲ ਨਿਵਾਜਿਆ ਗਿਆ ਹੈ, ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਪਣੇ ਇਸ ਸ਼ੋਅ ਨੂੰ ਫੂਹੜਤਾ ਅਤੇ ਲੱਚਰਤਾ ਤੋਂ ਪੂਰੀ ਤਰ੍ਹਾਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਮੱਦੇਨਜ਼ਰ ਹੀ ਪਰਿਵਾਰਾਂ ਨੇ ਵੀ ਵੱਧ ਚੜ੍ਹ ਕੇ ਇਸ ਵਿੱਚ ਅਪਣੀ ਸ਼ਮੂਲੀਅਤ ਦਰਜ ਕਰਵਾਈ ਹੈ।'
'ਦਿ ਕਪਿਲ ਸ਼ਰਮਾ ਸ਼ੋਅ' ਸਮੇਤ ਬੇਸ਼ੁਮਾਰ ਕਾਮੇਡੀ ਸ਼ੋਅਜ ਨੂੰ ਚਾਰ ਚੰਨ ਲਾ ਚੁੱਕੇ ਪਰ ਜਸਵੰਤ ਇੰਨੀਂ ਦਿਨੀਂ ਆਪਣੀ ਨਵੀਂ ਹਿੰਦੀ ਫਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿਸ ਵਿੱਚ ਉਹ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦੇ ਨਜ਼ਰੀ ਪੈਣਗੇ।