ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ ਦਾ ਕੰਸਰਟ 14 ਅਤੇ 21 ਦਸੰਬਰ ਨੂੰ ਸੈਕਟਰ 34 ਸਥਿਤ ਐਗਜ਼ੀਬਿਸ਼ਨ ਗਰਾਊਂਡ ਵਿੱਚ ਹੋਵੇਗਾ, ਜਿਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਚੁੱਕੇ ਹਨ। ਕੰਸਰਟ ਦੇ ਸਬੰਧ ਵਿੱਚ ਚੰਡੀਗੜ੍ਹ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਮਾਰਕੀਟ ਐਸੋਸੀਏਸ਼ਨ ਦੇ ਸਾਰੇ ਪ੍ਰਧਾਨਾਂ ਨੇ ਡੀਸੀ ਨੂੰ ਸੰਗੀਤ ਸਮਾਰੋਹ ਦੀ ਜਗ੍ਹਾ ਬਦਲਣ ਦੀ ਅਪੀਲ ਕੀਤੀ ਹੈ।
ਕਰਨ ਔਜਲਾ ਦੇ ਕੰਸਰਟ 'ਚ ਇਕੱਠੀ ਹੋਈ ਸੀ ਭੀੜ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਚੰਡੀਗੜ੍ਹ 'ਚ ਕਰਨ ਔਜਲਾ ਦੇ ਕੰਸਰਟ ਦੌਰਾਨ ਉਮੀਦ ਤੋਂ ਜ਼ਿਆਦਾ ਭੀੜ ਇਕੱਠੀ ਹੋਈ ਸੀ, ਜਿਸ ਕਾਰਨ ਸੈਕਟਰ 34 ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਲੰਮਾ ਜਾਮ ਲੱਗ ਗਿਆ ਸੀ। ਸੈਕਟਰ 34 ਦੇ ਨਾਲ ਵਾਲੀ ਸੜਕ ਅੰਬਾਲਾ ਅਤੇ ਚੰਡੀਗੜ੍ਹ ਹਾਈਵੇ ਦੀ ਮੁੱਖ ਸੜਕ ਹੈ, ਜਿੱਥੋਂ ਰੋਜ਼ਾਨਾ ਪੀਜੀਆਈ ਅਤੇ ਸੈਕਟਰ 32 ਲਈ ਐਂਬੂਲੈਂਸਾਂ ਲੰਘਦੀਆਂ ਹਨ। ਕੰਸਰਟ ਦੌਰਾਨ ਜਿੱਥੇ ਭੀੜ ਨੇ ਸੜਕਾਂ ਜਾਮ ਕਰ ਦਿੱਤੀਆਂ ਸੀ, ਉਥੇ ਖੁੱਲ੍ਹੇਆਮ ਸ਼ਰਾਬ ਪੀਣ ਕਾਰਨ ਮਾਹੌਲ ਵੀ ਕਾਫੀ ਖਰਾਬ ਹੋ ਗਿਆ ਸੀ। ਚੰਡੀਗੜ੍ਹ ਪੁਲਿਸ ਅਤੇ ਟਰੈਫਿਕ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭੀੜ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਸੀ।
ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਦੇ ਕੰਸਰਟ ਦੀ ਜਗ੍ਹਾਂ ਬਦਲਣ ਦੀ ਅਪੀਲ
ਚੰਡੀਗੜ੍ਹ ਰੈਜ਼ੀਡੈਂਟ ਵੈਲਫੇਅਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਜਿਸ ਦਿਨ ਸੈਕਟਰ 34 ਵਿੱਚ ਕਰਨ ਔਜਲਾ ਦਾ ਕੰਸਰਟ ਸੀ, ਉਸ ਦਿਨ ਆਲੇ-ਦੁਆਲੇ ਦੇ ਲੋਕ ਆਪਣੇ ਆਪ ਨੂੰ ਘਰ ਵਿੱਚ ਨਜ਼ਰਬੰਦ ਸਮਝ ਰਹੇ ਸੀ। ਨਾ ਤਾਂ ਕੋਈ ਘਰੋਂ ਬਾਹਰ ਜਾ ਸਕਦਾ ਸੀ ਅਤੇ ਨਾ ਹੀ ਕੋਈ ਆਪਣੀ ਲੋੜ ਲਈ ਬਾਜ਼ਾਰ ਜਾ ਸਕਦਾ ਸੀ। ਇਸ ਦੇ ਨਾਲ ਹੀ ਕੰਸਰਟ ਦੌਰਾਨ ਹੋਏ ਰੌਲੇ-ਰੱਪੇ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਆਤਿਸ਼ਬਾਜ਼ੀ ਵੀ ਕੀਤੀ ਗਈ ਸੀ ਜਦਕਿ ਸੈਕਟਰ 34 ਦੇ ਪ੍ਰਦਰਸ਼ਨੀ ਗਰਾਊਂਡ ਨੇੜੇ ਦੋ ਪੈਟਰੋਲ ਪੰਪ ਹਨ। ਇਸ ਦੌਰਾਨ ਪਟਾਕਿਆਂ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਸੀ।
ਸੈਕਟਰ 25 ਵਿੱਚ ਕੀਤਾ ਜਾਵੇ ਕੰਸਰਟ
ਭਾਜਪਾ ਆਗੂ ਅਰੁਣ ਸੂਦ ਨੇ ਕਿਹਾ ਕਿ ਸਾਨੂੰ ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ ਦੇ ਕੰਸਰਟ ਨਾਲ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਅਜਿਹੇ ਕੰਸਰਟ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਕਰਵਾਏ ਜਾਣ ਤਾਂ ਜੋ ਸ਼ਹਿਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਾਲ ਹੀ 'ਚ ਕਰਨ ਔਜਲਾ ਦੇ ਸ਼ੋਅ ਦੌਰਾਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਥੇ ਭਾਰੀ ਭੀੜ ਨੇ ਸੜਕਾਂ ਜਾਮ ਕਰ ਦਿੱਤੀਆਂ, ਉਥੇ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਐਂਬੂਲੈਂਸਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਅੱਜ ਡੀਸੀ ਨੂੰ ਬੇਨਤੀ ਕਰਨ ਆਏ ਹਾਂ ਕਿ ਦੁਸਾਂਝ ਦਾ ਕੰਸਰਟ ਸੈਕਟਰ 34 ਵਿੱਚ ਪ੍ਰਦਰਸ਼ਨੀ ਗਰਾਊਂਡ ਦੀ ਬਜਾਏ ਸੈਕਟਰ 25 ਵਿੱਚ ਕਰਵਾਇਆ ਜਾਵੇ।
ਇਹ ਵੀ ਪੜ੍ਹੋ:-