ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿੱਗ ਸੈੱਟਅੱਪ ਅਤੇ ਪੀਰੀਅਡ-ਡਰਾਮਾ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਫਿਲਮ 'ਅਕਾਲ', ਜੋ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਦੇ ਜਾਰੀ ਇਸ ਸ਼ੈਡਿਊਲ ਵਿੱਚ ਆਖਰਕਾਰ ਬਿਹਤਰੀਨ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਅੱਜ ਅਪਣੀ ਉਪ-ਸਥਿਤੀ ਦਰਜ ਕਰਵਾ ਦਿੱਤੀ ਹੈ, ਜੋ ਇਸ ਫਿਲਮ ਦੇ ਲੀਡ ਅਦਾਕਾਰ ਗਿੱਪੀ ਗਰੇਵਾਲ ਨਾਲ ਅਪਣੇ ਹਿੱਸੇ ਦੇ ਫਿਲਮਾਏ ਜਾਣ ਵਾਲੇ ਕਈ ਅਹਿਮ ਦ੍ਰਿਸ਼ ਫਿਲਮਾਂਕਣ ਨੂੰ ਅੰਜ਼ਾਮ ਦੇਵੇਗੀ।
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਵਿਸ਼ਾਲ ਕੈਨਵਸ ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਫਤਹਿਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਆਦਿ ਹਿੱਸਿਆਂ ਵਿਖੇ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਦੀ ਨਿਰਦੇਸ਼ਨ ਕਮਾਂਡ ਖੁਦ ਗਿੱਪੀ ਗਰੇਵਾਲ ਸੰਭਾਲ ਰਹੇ ਹਨ, ਜੋ ਇਸ ਧਾਰਮਿਕ ਫਿਲਮ ਵਿੱਚ ਮੁੱਖ ਭੂਮਿਕਾ ਵੀ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਦੇ ਹੋਰਨਾਂ ਕਲਾਕਾਰ ਵਿੱਚ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਆਦਿ ਵੀ ਸ਼ੁਮਾਰ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਅਦ ਅਦਾਕਾਰ ਗਿੱਪੀ ਗਰੇਵਾਲ ਅਪਣੇ ਹੋਮ ਪ੍ਰੋਡੋਕਸ਼ਨ ਹਾਊਸ ਹੇਠ ਬਣਾਈ ਜਾਣ ਵਾਲੀ ਇਹ ਪਾਲੀਵੁੱਡ ਦੀ ਇੱਕ ਅਜਿਹੀ ਫਿਲਮ ਹੋਵੇਗੀ, ਜਿਸ ਨੂੰ ਉੱਚ ਪੱਧਰੀ ਸਿਨੇਮਾ ਸਿਰਜਨਾਤਮਕ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਜਿੱਥੇ ਬਲਜੀਤ ਸਿੰਘ ਦਿਓ ਦੀ ਖੂਬਸੂਰਤ ਅਤੇ ਆਹਲਾ ਸਿਨੇਮਾਟੋਗ੍ਰਾਫ਼ਰੀ ਅਹਿਮ ਭੂਮਿਕਾ ਨਿਭਾਵੇਗੀ, ਉਥੇ ਬਾਲੀਵੁੱਡ ਦੇ ਸੁਪ੍ਰਸਿੱਧ ਐਕਟਰ ਨਿਕੇਤਨ ਧੀਰ ਵੀ ਇਸ ਦਾ ਖਾਸ ਆਕਰਸ਼ਨ ਹੋਣਗੇ, ਜੋ ਅਪਣੀ ਇਸ ਪਹਿਲੀ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਸ਼ਾਨਦਾਰ ਆਮਦ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣ ਜਾ ਰਹੇ ਹਨ।
10 ਅਪ੍ਰੈਲ 2025 ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਸੰਗੀਤ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸ਼ੰਕਰ-ਅਹਿਸਾਨ ਅਤੇ ਲੋਏ ਤਿਆਰ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬੇਹੱਦ ਵਿਸ਼ਾਲ ਸੰਗੀਤਕ ਸਕੇਲ ਅਧੀਨ ਇਸ ਸੰਗੀਤਬੱਧਤਾ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: