ਬਰਨਾਲਾ/ਚੰਡੀਗੜ੍ਹ: ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸੜਕ ਹਾਦਸਿਆਂ ਦਾ ਮੁੱਦਾ ਸੰਸਦ ਵਿੱਚ ਚੁੱਕਿਆ ਗਿਆ। ਉਨ੍ਹਾਂ ਸੜਕੀ ਆਵਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਬਾਹਰਲੇ ਦੇਸ਼ਾਂ ਜਿਵੇਂ ਜਾਪਾਨ, ਸਵੀਡਨ, ਆਸਟ੍ਰੇਲੀਆ ਦੀ ਤਰ੍ਹਾਂ ਸਾਡੇ ਦੇਸ਼ ਵਿੱਚ ਸਰਕਾਰ ਨੇ ਜ਼ੀਰੋ ਸੜਕ ਹਾਦਸਿਆਂ ਲਈ ਕੋਈ ਸਮਾ-ਸੀਮਾਂ ਮਿੱਥੀ ਹੈ?
ਪੰਜਾਬ ਸਰਕਾਰ ਨੇ ਬਣਾਈ ਸੜਕ ਸੁਰੱਖਿਆ ਫੋਰਸ
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਇਕ ਸਾਲ ਵਿਚ ਪੰਜਾਬ ਸਰਕਾਰ ਦੇ ਉਪਰਾਲੇ ਸੜਕ ਸੁਰੱਖਿਆ ਫੋਰਸ ਸਦਕਾ ਸੂਬੇ 'ਚ ਸੜਕ ਹਾਦਸਿਆਂ ਵਿੱਚ ਮੌਤ ਦਰ 47 ਫੀਸਦੀ ਘਟੀ ਹੈ। ਇਸ ਫੋਰਸ ਵਿਚ 1600 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤੇ ਹਰ 30 ਕਿਲੋਮੀਟਰ ਦੀ ਦੂਰੀ 'ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਲਗਾਈ ਗਈ ਹੈ।
ਕੇਂਦਰ ਸਰਕਾਰ ਤੋਂ ਸਾਂਸਦ ਨੇ ਪੁੱਛੇ ਸਵਾਲ
ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਕੀ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵੀ ਅਜਿਹੀ ਫੋਰਸ ਦਾ ਗਠਨ ਕਰੇਗੀ। ਇਸ 'ਤੇ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਭਰ ਵਿਚ ਹਾਈਵੇਜ਼ ਦਾ ਜਾਲ ਵਿਛਾਇਆ ਗਿਆ ਹੈ, ਜਿੱਥੇ ਵਾਹਨ ਤੇਜ਼ ਰਫ਼ਤਾਰ 'ਤੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰੀ ਕਾਰਨ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਸੜਕ ਹਾਦਸਿਆਂ 'ਚ ਰੋਜ਼ਾਨਾ 400 ਤੋਂ ਵੱਧ ਮੌਤਾਂ
ਮੀਤ ਹੇਅਰ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਜ਼ਿਕਰ ਕੀਤਾ ਹੈ ਕਿ ਹਰ ਸਾਲ ਦੇਸ਼ ਵਿਚ ਕਰੀਬ ਪੌਣੇ ਦੋ ਲੱਖ ਜਾਨਾਂ ਸਿਰਫ ਸੜਕ ਹਾਦਸਿਆਂ ਵਿਚ ਜਾਂਦੀਆਂ ਹਨ ਅਤੇ ਪਿਛਲੇ 10 ਸਾਲਾਂ ਵਿਚ 15 ਲੱਖ ਕੀਮਤੀ ਜਾਨਾਂ ਸੜਕ ਹਾਦਸਿਆਂ ਵਿੱਚ ਗਈਆਂ ਹਨ। ਜਿਸ ਦੇ ਚੱਲਦੇ ਇਹ ਅੰਕੜੇ ਕੱਢੇ ਜਾ ਸਕਦੇ ਹਨ ਕਿ ਰੋਜ਼ਾਨਾ 400 ਤੋਂ ਵੱਧ ਲੋਕ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆ ਰਹੇ ਹਨ।
ਕੇਂਦਰੀ ਮੰਤਰੀ ਵਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਮੀਤ ਹੇਅਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੀ ਸ਼ਲਾਘਾ ਕੀਤੀ ਅਤੇ ਜਾਨਾਂ ਬਚਾਉਣ ਲਈ ਇਸ ਫੋਰਸ ਦਾ ਧੰਨਵਾਦ ਕੀਤਾ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਦਾ ਮੁੱਦਾ ਸੰਵਿਧਾਨ ਦੀ ਸਮਕਾਲੀ ਸੂਚੀ ਵਿੱਚ ਆਉਂਦਾ ਹੈ, ਇਸ ਲਈ ਕੋਈ ਵੀ ਸੂਬਾ ਆਪਣੇ ਹਿਸਾਬ ਨਾਲ ਇਸ ਸਬੰਧੀ ਕਾਨੂੰਨ ਬਣਾ ਸਕਦਾ ਹੈ। ਕਈ ਰਾਜਾਂ ਨੇ ਕੁਝ ਕਦਮ ਚੁੱਕੇ ਵੀ ਹਨ, ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।