ਅੰਮ੍ਰਿਤਸਰ: ਬੁੱਧਵਾਰ ਤੜਕਸਾਰ ਥਾਣਾ ਬਿਆਸ ਅਧੀਨ ਪੈਂਦੀ ਪੁਲਿਸ ਚੌਂਕੀ ਰਈਆ ਦੇ ਨਜ਼ਦੀਕ ਇੱਕ ਪਾਠੀ ਸਿੰਘ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ ਸੀ। ਇਸ ਅੰਨੇ ਕਤਲ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ।
ਪਾਠੀ ਸਿੰਘ ਕਤਲ ਮਾਮਲੇ 'ਚ ਮੁਲਜ਼ਮ ਕਾਬੂ
ਇਸ ਸਬੰਧੀ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਅੰਨੇ ਕਤਲ ਕਾਂਡ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਛੇ ਘੰਟਿਆਂ ਦੌਰਾਨ ਕਥਿਤ ਮੁਲਜ਼ਮ ਦੀ ਪਹਿਚਾਣ ਕਰਕੇ ਅਤੇ ਵੱਖ-ਵੱਖ ਟੀਮਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਅਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਪਾਠੀ ਸਿੰਘ ਦੇ ਕਤਲ ਕਾਂਡ ਮਾਮਲੇ ਦੇ ਵਿੱਚ ਕਥਿਤ ਮੁਲਜ਼ਮ ਸਾਹਿਬ ਸਿੰਘ ਉਰਫ ਸਾਹਬਾ ਪੁੱਤਰ ਬਲਦੇਵ ਸਿੰਘ ਵਾਸੀ ਮੱਧ ਨੂੰ 6 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਨਜਾਇਜ਼ ਸਬੰਧਾਂ ਦੇ ਚੱਲਦੇ ਕੀਤਾ ਹੋ ਸਕਦਾ ਕਤਲ
ਉਹਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਉਕਤ ਮਾਮਲਾ ਕਥਿਤ ਨਜਾਇਜ਼ ਸੰਬੰਧਾਂ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਪੁਲਿਸ ਵੱਲੋਂ ਇਹ ਸ਼ੁਰੂਆਤੀ ਜਾਂਚ ਨੂੰ ਹੋਰ ਅੱਗੇ ਵਧਾਉਣ ਦੇ ਲਈ ਗ੍ਰਿਫ਼ਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਗਲੀ ਪੁੱਛ ਪੜਤਾਲ ਦੌਰਾਨ ਇਸ ਸਾਰੇ ਮਾਮਲੇ ਬਾਰੇ ਪਤਾ ਲਗਾਇਆ ਜਾਏਗਾ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਮੁਲਜ਼ਮ ਦੇ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ।
ਮੁਲਜ਼ਮ ਨੇ ਮ੍ਰਿਤਕ 'ਤੇ ਕੀਤੇ 15 ਤੋਂ 20 ਵਾਰ
ਇੱਕ ਸਵਾਲ ਦੇ ਜਵਾਬ ਵਿੱਚ ਡੀਐਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦੱਸਿਆ ਕਿ ਕਥਿਤ ਮੁਲਜ਼ਮ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਪਾਠੀ ਰਮਨਦੀਪ ਸਿੰਘ ਉੱਤੇ ਕਰੀਬ 15 ਤੋਂ 20 ਵਾਰ ਕੀਤੇ ਗਏ ਸਨ, ਜਿਸ ਦੌਰਾਨ ਰਮਨਦੀਪ ਸਿੰਘ ਦੀ ਮੌਤ ਹੋ ਗਈ।
ਮੁਲਜ਼ਮ ਦਾ ਪੁਲਿਸ ਨੇ ਲਿਆ ਰਿਮਾਂਡ
ਉਹਨਾਂ ਦੱਸਿਆ ਕਿ ਉਕਤ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਦਾਤਰ, ਖੂਨ ਨਾਲ ਲੱਥ-ਪੱਥ ਕੱਪੜੇ ਅਤੇ ਹੋਰ ਜ਼ਰੂਰੀ ਸਬੂਤ ਬਰਾਮਦ ਕਰ ਲਏ ਗਏ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਦੌਰਾਨੇ ਰਿਮਾਂਡ ਗ੍ਰਿਫਤਾਰ ਮੁਲਜ਼ਮ ਸਾਹਿਬ ਸਿੰਘ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ, ਜਿਸ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।