ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਮਸਤਾਨੇ' ਜਿਹੀ ਧਾਰਮਿਕ ਅਤੇ ਮਾਣਮੱਤੀ ਪੰਜਾਬੀ ਫਿਲਮ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਅਦਾਕਾਰ ਤਰਸੇਮ ਜੱਸੜ ਅਪਣੀ ਇੱਕ ਹੋਰ ਪੀਰੀਅਡ ਫਿਲਮ 'ਕੌਮਾਗਾਟਾ ਮਾਰੂ' ਦਰਸ਼ਕਾਂ ਦੇ ਸਨਮੁੱਖ ਕਰਨ ਲਈ ਤਿਆਰ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਅਤੇ ਬਿੱਗ ਸੈੱਟਅੱਪ ਫਿਲਮ ਦਾ ਦੂਸਰਾ ਸ਼ੈਡਿਊਲ ਕੈਨੇਡਾ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਜਾ ਰਿਹਾ ਹੈ।
'ਵੇਹਲੀ ਜੰਤਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਤਰਸੇਮ ਜੱਸੜ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਅਤੇ ਪਾਲੀਵੁੱਡ ਦੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰੀ ਆਉਣਗੇ। ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸੰਬੰਧਤ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਦਾ ਇਹ ਦੂਸਰਾ ਅਤੇ ਆਖ਼ਰੀ ਸ਼ੈਡਿਊਲ ਹੈ, ਜਿਸ ਤੋਂ ਪਹਿਲਾਂ ਦਾ ਹਿੱਸਾ ਪੰਜਾਬ ਵਿਖੇ ਪਹਿਲੋਂ ਹੀ ਪੂਰਾ ਕਰ ਲਿਆ ਗਿਆ ਹੈ।
ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਇੱਕ ਹੋਰ ਬਹੁ-ਕਰੋੜੀ ਅਤੇ ਵੱਡੀ ਫਿਲਮ ਵਜੋਂ ਸਾਹਮਣੇ ਆ ਰਹੀ ਇਸ ਫਿਲਮ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ, ਜਿਸ ਦੇ ਜਾਰੀ ਉਕਤ ਸ਼ੈਡਿਊਲ ਵਿੱਚ ਤਰਸੇਮ ਜੱਸੜ ਅਤੇ ਪੰਜਾਬ ਮੂਲ ਦੇ ਕੈਨੇਡਾ ਵਸੇਂਦੇ ਅਦਾਕਾਰ ਹਰਸ਼ਰਨ ਸਿੰਘ ਸਮੇਤ ਉਥੋਂ ਦੇ ਕਈ ਲੋਕਲ ਐਕਟਰਜ਼ ਵੀ ਹਿੱਸਾ ਲੈ ਰਹੇ ਹਨ।
ਸਾਲ 1914 ਵਿੱਚ ਹੌਂਗਕੋਂਗ ਤੋਂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਸੁਮੰਦਰ ਦੇ ਰਸਤੇ ਕੈਨੇਡਾ ਰਵਾਨਾ ਹੋਏ ਪੰਜਾਬੀਆਂ ਦੇ ਉੱਥੋਂ ਦੀ ਬੰਦਰਗਾਹ ਉਪਰ ਪਹੁੰਚਣ ਉਤੇ ਜੋ ਦਿਲਾਂ ਨੂੰ ਝੰਜੋੜਦੀ ਤ੍ਰਾਸਦੀ ਘਟਿਤ ਹੋਈ, ਉਸੇ ਘਟਨਾਕ੍ਰਮ ਨੂੰ ਦਹਾਕਿਆਂ ਬਾਅਦ ਮੁੜ ਰੂਪਮਾਨ ਕਰਨ ਜਾ ਰਹੀ ਹੈ ਉਕਤ ਫਿਲਮ, ਜਿਸ ਨੂੰ ਸੱਚਾ ਰੂਪ ਦੇਣ ਲਈ ਤਰਸੇਮ ਜੱਸੜ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: