ਚੰਡੀਗੜ੍ਹ:ਬਾਲੀਵੁੱਡ ਦੀ ਬਹੁ-ਚਰਚਿਤ ਸੀਕਵਲ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਬਾਰਡਰ 2', ਜਿਸ ਦੀ ਪਹਿਲੇ ਪੜ੍ਹਾਅ ਦੀ ਸ਼ੂਟਿੰਗ ਜੂੰਮ ਕਸ਼ਮੀਰ ਵਿਖੇ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਨੁਰਾਗ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਕੇਸਰੀ' ਜਿਹੀ ਬਿਹਤਰੀਨ ਹਿੰਦੀ ਫਿਲਮ ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।
'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਅਤੇ ਜੇਪੀ ਦੱਤਾ ਦੇ 'ਜੇਪੀ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਬਿੱਗ ਸੈੱਟਅਪ ਫਿਲਮ ਦੇ ਨਿਰਮਾਤਾਵਾਂ 'ਚ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਸ਼ੁਮਾਰ ਹਨ।
ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੁਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ 'ਚ ਹਨ, ਇਹ ਫਿਲਮ ਅਣਦੇਖੀ ਐਕਸ਼ਨ, ਡਰਾਮਾ ਅਤੇ ਦੇਸ਼ ਭਗਤੀ ਦਾ ਵਾਅਦਾ ਕਰਦੀ ਹੈ। 'ਬਾਰਡਰ 2' 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀ ਨੇ ਦੱਸਿਆ, 'ਉਹ ਕਸ਼ਮੀਰ ਦੇ ਐਲਓਸੀ ਅਤੇ ਰਾਜੌਰੀ-ਪੁੰਛ ਸੈਕਟਰ ਦੇ ਨੇੜੇ ਫਿਲਮ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਨਾਲ ਹੀ ਦੇਹਰਾਦੂਨ, ਉੱਤਰਾਖੰਡ ਵਿੱਚ ਵਾਧੂ ਸੀਨ ਤਹਿ ਕੀਤੇ ਗਏ ਹਨ। ਟੀਮ ਨੇ ਜੰਮੂ-ਕਸ਼ਮੀਰ ਦੇ ਸਾਰੇ ਜ਼ਰੂਰੀ ਵਿਭਾਗਾਂ ਤੋਂ ਮਨਜ਼ੂਰੀ ਲੈ ਲਈ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ਨ ਟੀਮ ਸਾਬਕਾ ਫੌਜੀ ਮੇਜਰ ਦੀ ਸਲਾਹ ਨਾਲ ਫਿਲਮ 'ਤੇ ਕੰਮ ਕਰ ਰਹੀ ਹੈ, ਤਾਂ ਜੋ ਯੁੱਧ ਦੀਆਂ ਘਟਨਾਵਾਂ ਨੂੰ ਦਰਸਾਉਂਦੇ ਹੋਏ ਦਰਸ਼ਕਾਂ ਵਿਚਕਾਰ ਇਤਿਹਾਸਕ ਸ਼ੁੱਧਤਾ ਬਣਾਈ ਰੱਖੀ ਜਾ ਸਕੇ।'
ਬਾਲੀਵੁੱਡ ਦੀ ਇਸ ਬਹੁ-ਕਰੋੜੀ ਅਤੇ ਮਲਟੀ-ਸਟਾਰਰ ਫਿਲਮ ਦੁਆਰਾ 'ਕੇਸਰੀ' ਦੇ ਛੇ ਸਾਲਾਂ ਬਾਅਦ ਹਿੰਦੀ ਸਿਨੇਮਾ ਦੇ ਖੇਤਰ ਵਿੱਚ ਨਿਰਦੇਸ਼ਕ ਦੇ ਰੂਪ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ ਨਿਰਦੇਸ਼ਕ ਅਨੁਰਾਗ ਸਿੰਘ, ਜੋ ਪੰਜਾਬੀ ਸਿਨੇਮਾ ਲਈ ਵੀ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਪੰਜਾਬ 1984' , 'ਡਿਸਕੋ ਸਿੰਘ' ਆਦਿ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ: