ਚੰਡੀਗੜ੍ਹ: ਗਾਇਕੀ ਦੇ ਨਾਲ-ਨਾਲ ਬਤੌਰ ਅਦਾਕਾਰਾ ਅਤੇ ਹੋਸਟ ਵੀ ਬਹੁ-ਕਲਾਵਾਂ ਦਾ ਇਜ਼ਹਾਰ ਕਰਵਾ ਰਹੀ ਹੈ ਸੁਨੰਦਾ ਸ਼ਰਮਾ, ਆਓ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਉਤੇ ਜੀਵਨ ਅਤੇ ਕਰੀਅਰ ਦੇ ਅਹਿਮ ਰਹੇ ਪੜਾਵਾਂ ਵੱਲ ਇੱਕ ਸਰਸਰੀ ਝਾਤ ਮਾਰੀਏ:
ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡਜ਼ ਵਿੱਚ 'ਸਰਵੋਤਮ ਡੈਬਿਊ ਫੀਮੇਲ ਵੋਕਲਿਸਟ' ਦਾ ਖਿਤਾਬ ਹਾਸਿਲ ਕਰ ਪੰਜਾਬੀ ਗਾਇਕੀ ਪਿੜ੍ਹ ਵਿੱਚ ਦਸਤਕ ਦੇਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਅੱਜ ਪੰਜਾਬੀ ਸੰਗੀਤ ਜਗਤ ਦੇ ਇੱਕ ਵੱਡੇ ਨਾਂਅ ਵਜੋਂ ਅਪਣਾ ਰਸੂਖ਼ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ।
ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਗਲਿਆਰਿਆਂ ਤੱਕ ਅਪਣੀ ਅਨੂਠੀ ਗਾਇਕੀ ਦਾ ਲੋਹਾ ਮੰਨਵਾ ਰਹੀ ਇਹ ਪ੍ਰਤਿਭਾਵਾਨ ਪੰਜਾਬਣ ਮੁਟਿਆਰ ਇੱਕ ਬਿਹਤਰੀਨ ਗਾਇਕਾ ਹੋਣ ਦੇ ਨਾਲ ਆਹਲਾ ਅਦਾਕਾਰਾ ਅਤੇ ਹੋਸਟ ਵਜੋਂ ਵੀ ਅਪਣੀਆਂ ਬਹੁ-ਪੱਖੀ ਕਲਾਵਾਂ ਦਾ ਇਜ਼ਹਾਰ ਸਫ਼ਲਤਾਪੂਰਵਕ ਕਰਵਾ ਰਹੀ ਹੈ।
ਸਾਲ 2016 ਵਿੱਚ ਜਾਰੀ ਹੋਏ ਅਪਣੇ ਪਲੇਠੇ ਗਾਣੇ "ਬਿੱਲੀ ਅੱਖ" ਨਾਲ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਮਾਲ ਮਚਾ ਦੇਣ ਵਾਲੀ ਇਸ ਖੂਬਸੂਰਤ ਅਤੇ ਸੁਰੀਲੀ ਗਾਇਕਾ ਦਾ ਸਾਲ 2017 ਵਿੱਚ ਰਿਲੀਜ਼ ਹੋਇਆ ਗੀਤ "ਜਾਨੀ ਤੇਰਾ ਨਾਂ" ਨੂੰ ਯੂਟਿਊਬ 'ਤੇ 222 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਸੋਸ਼ਲ ਪਲੇਟਫ਼ਾਰਮ ਉਪਰ ਗਾਏ ਅਤੇ ਰਿਲੀਜ਼ ਕੀਤੇ ਕਵਰ ਗਾਣਿਆਂ ਨਾਲ ਅਪਣੇ ਗਾਇਕੀ ਸਫ਼ਰ ਦਾ ਅਗਾਜ਼ ਕਰਨ ਵਾਲੀ ਇਸ ਬੇਮਿਸਾਲ ਗਾਇਕਾ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਮੋਹਰੀ ਕਤਾਰ ਪੰਜਾਬੀ ਗਾਇਕਾਵਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਲਈ ਹੈ, ਜਿੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਤੇਰੇ ਨਾਲ ਨੱਚਣਾ', 'ਮੋਰਨੀ', 'ਪੋਸਟਰ' ਅਤੇ 'ਸੈਂਡਲ' ਆਦਿ ਸ਼ਾਮਿਲ ਰਹੇ ਹਨ।
ਸਾਲ 2018 ਵਿੱਚ ਰਿਲੀਜ਼ ਹੋਈ ਪੀਰੀਅਡ ਪੰਜਾਬੀ ਫਿਲਮ 'ਸੱਜਣ ਸਿੰਘ ਰੰਗਰੂਟ' ਨਾਲ ਸ਼ਾਨਦਾਰ ਸਿਲਵਰ ਸਕ੍ਰੀਨ ਉਤੇ ਡੈਬਿਊ ਕਰਨ ਵਾਲੀ ਇਸ ਉਮਦਾ ਅਦਾਕਾਰਾ ਦੀ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਦੇ ਨਾਲ ਨਿਭਾਈ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਉਪਰੰਤ ਸਿਨੇਮਾ ਦੀ ਦੁਨੀਆਂ ਵਿੱਚ ਆਕਰਸ਼ਣ ਦਾ ਕੇਂਦਰ ਬਣੀ ਇਹ ਲਾਜਵਾਬ ਅਦਾਕਾਰਾ ਬਾਲੀਵੁੱਡ ਦੇ ਕਈ ਨਾਮੀ ਸਟਾਰਜ਼ ਨੂੰ ਅਪਣੇ ਕਈ ਵੱਡੇ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਬਣਾਉਣ ਦਾ ਸਿਹਰਾ ਵੀ ਹਾਸਿਲ ਕਰ ਚੁੱਕੀ ਹੈ, ਜਿੰਨ੍ਹਾਂ ਵਿੱਚ ਨਵਾਜੂਦੀਨ ਸਿੱਦੀਕੀ ਅਤੇ ਸੋਨੂੰ ਸੂਦ ਜਿਹੇ ਚਰਚਿਤ ਚਿਹਰੇ ਵੀ ਸ਼ੁਮਾਰ ਰਹੇ ਹਨ।
ਪੀਟੀਸੀ ਪੰਜਾਬੀ ਚੈਨਲ ਦੇ ਮੋਟੀਵੇਸ਼ਨਲ ਸ਼ੋਅ 'ਹੁਨਰ ਪੰਜਾਬ ਦਾ' ਨੂੰ ਪ੍ਰਭਾਵਪੂਰਨ ਰੂਪ 'ਚ ਹੋਸਟ ਕਰ ਚੁੱਕੀ ਇਹ ਬਹੁ-ਪੱਖੀ ਅਦਾਕਾਰਾ 'ਬਿੱਗ ਬੌਸ 17' ਅਤੇ 'ਦਿਲ ਦੀਆਂ ਗੱਲਾਂ' ਦੇ ਇੱਕ ਐਪੀਸੋਡ ਵਿੱਚ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ।
ਇਹ ਵੀ ਪੜ੍ਹੋ: