ਚੰਡੀਗੜ੍ਹ: ਹਿੰਦੀ ਸਿਨੇਮਾ ਖੇਤਰ ਵਿੱਚ ਸੁਨਿਹਰਾ ਸਫ਼ਰ ਹੰਢਾ ਚੁੱਕੀ ਬਿਹਤਰੀਨ ਅਦਾਕਾਰਾ ਦੀਪਤੀ ਨਵਲ ਘੁੰਮਣ-ਫਿਰਨ ਅਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੱਭਿਆਤਾਵਾਂ ਦਾ ਆਨੰਦ ਮਾਣਨ ਨੂੰ ਹਮੇਸ਼ਾ ਕਾਫ਼ੀ ਪ੍ਰਮੁੱਖਤਾ ਦਿੰਦੀ ਆ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਇੰਨੀਂ ਦਿਨੀਂ ਰਾਜਸਥਾਨ ਪੁੱਜੀ ਹੋਈ ਹੈ ਇਹ ਉਮਦਾ ਅਦਾਕਾਰਾ, ਜੋ ਅਗਲੇ ਕੁਝ ਦਿਨਾਂ ਲ਼ਈ ਉਥੋਂ ਦੀਆਂ ਪ੍ਰਮੁੱਖ ਅਤੇ ਸ਼ਾਨਦਾਰ ਜਗਾਵਾਂ ਅਤੇ ਖਾਣਿਆਂ ਦਾ ਪਰਿਵਾਰਿਕ ਮੈਂਬਰਾਂ ਸਮੇਤ ਲੁਤਫ਼ ਉਠਾਏਗੀ।
ਉਕਤ ਦੌਰੇ ਅਧੀਨ ਉਦੈਪੁਰ ਦੇ ਮਸ਼ਹੂਰ ਅਤੇ ਖੂਬਸੂਰਤ ਲੇਕ ਪੈਲੇਸ ਪਹੁੰਚੀ ਇਸ ਅਜ਼ੀਮ ਓ ਤਰੀਨ ਅਦਾਕਾਰਾ ਨੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਕਈ ਸਾਲਾਂ ਬਾਅਦ ਉਨਾਂ ਦਾ ਇਸ ਅਤਿ ਆਲੀਸ਼ਾਨ ਅਤੇ ਮਨਮੋਹਕ ਸ਼ਹਿਰ ਵਿੱਚ ਆਉਣਾ ਹੋਇਆ ਹੈ, ਜਿਸ ਦੌਰਾਨ ਉਨਾਂ ਦੇ ਨਾਲ-ਨਾਲ ਉਨਾਂ ਦੀ ਭੈਣ ਵੀ ਇਸ ਪੁਰਾਤਨ ਨਗਰ ਦੀ ਸੁੰਦਰਤਾ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ, ਜੋ ਪਹਿਲਾਂ ਨਾਲੋਂ ਵੀ ਕਾਫ਼ੀ ਵਿਸ਼ਾਲਤਾ ਅਖ਼ਤਿਆਰ ਕਰ ਚੁੱਕਾ ਹੈ। ਉਨਾਂ ਅੱਗੇ ਦੱਸਿਆ ਕਿ ਰਾਜਸਥਾਨ ਦਾ ਹਰ ਹਿੱਸਾ ਆਪਣੀ ਇੱਕ ਅਲਗ ਕਹਾਣੀ ਬਿਆਨ ਕਰਦਾ ਹੈ, ਜਿਸ ਨੂੰ ਜਿੰਨਾਂ ਵੇਖਿਆ ਜਾਵੇ ਉਨਾਂ ਥੋੜਾ ਹੈ।
ਬਾਲੀਵੁੱਡ ਦੀਆਂ ਸਫਲ ਅਤੇ ਉੱਚ-ਕੋਟੀ ਸੁੰਦਰੀਆਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੀ ਰਹੀ ਅਤੇ ਕਈ ਦਹਾਕਿਆਂ ਤੱਕ ਹਿੰਦੀ ਸਕਰੀਨ 'ਤੇ ਛਾਈ ਰਹੀ ਇਸ ਸ਼ਾਨਦਾਰ ਅਦਾਕਾਰਾ ਅਨੁਸਾਰ ਮੁੰਬਈ ਦੀ ਚਕਾਚੌਂਧ ਤੋਂ ਹਜ਼ਾਰਾਂ ਕੋਸ ਦੂਰ ਇਸ ਸ਼ਾਂਤਮਈ ਇਲਾਕੇ ਵਿੱਚ ਉਨਾਂ ਦਾ ਠਹਿਰਾਵ ਅਗਲੇ ਕੁਝ ਹੋਰ ਦਿਨ ਜਾਰੀ ਰਹੇਗਾ, ਜਿਸ ਦੌਰਾਨ ਜੈਸਲਮੇਰ ਸਮੇਤ ਇਥੋਂ ਨੇੜਲੇ ਸਾਰੇ ਖਾਸ ਸਥਾਨਾਂ ਦਾ ਟੂਰ ਕਰਨਾ ਵੀ ਉਨਾਂ ਦੀ ਪ੍ਰਮੁੱਖਤਾ ਰਹੇਗੀ।