Punjabi Film Shudh Vaishnu Daaka: ਹਾਲ ਹੀ ਦੇ ਸਮੇਂ ਦੌਰਾਨ 'ਕੈਰੀ ਆਨ ਜੱਟਾ 3' ਅਤੇ 'ਮੌਜਾਂ ਹੀ ਮੌਜਾਂ' ਜਿਹੀਆਂ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਮੀਪ ਕੰਗ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਬਿੰਨੂ ਢਿੱਲੋਂ, ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਅਤੇ ਅੰਬਰਦੀਪ ਸਿੰਘ ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ।
'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅੰਬਰਦੀਪ ਸਿੰਘ ਕਰਨਗੇ, ਜੋ ਲਗਭਗ ਡੇਢ ਦਹਾਕੇ ਬਾਅਦ ਸਮੀਪ ਕੰਗ ਦੀ ਨਿਰਦੇਸ਼ਨਾਂ ਹੇਠ ਬਣੀ ਕਿਸੇ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਜੋ ਪੰਜਾਬੀ ਫਿਲਮ ਇੰਨ੍ਹਾਂ ਇਕੱਠਿਆਂ ਕੀਤੀ, ਉਹ ਸੀ ਸਾਲ 2008 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਚੱਕ ਦੇ ਫੱਟੇ', ਜਿਸ ਦੁਆਰਾ ਸਮੀਪ ਕੰਗ ਵੱਲੋਂ ਨਿਰਦੇਸ਼ਕ ਦੇ ਤੌਰ ਉਤੇ ਅਪਣੀ ਨਵੀਂ ਅਤੇ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕੀਤਾ ਗਿਆ ਸੀ, ਪਰ ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਇਸ ਸਫ਼ਲ ਫਿਲਮ ਦੇ ਬਾਵਜੂਦ ਇੰਨ੍ਹਾਂ ਦੋਹਾਂ ਦੀ ਨਿਰਦੇਸ਼ਕ ਅਤੇ ਲੇਖਕ ਵਜੋਂ ਸਾਲਾਂਬੱਧੀ ਫਿਲਮੀ ਸਾਂਝ ਸਾਹਮਣੇ ਨਹੀਂ ਆ ਸਕੀ।