ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਅਤੇ ਵੈੱਬ-ਸੀਰੀਜ਼ ਨੂੰ ਚਾਰ ਚੰਨ ਲਾਉਣ ਵਿੱਚ ਇਸ ਖਿੱਤੇ ਵਿੱਚ ਉਭਰੇ ਨਵੇਂ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾ ਰਹੀ ਹੈ ਅਦਾਕਾਰਾ ਪ੍ਰਭਜੋਤ ਰੰਧਾਵਾ, ਜੋ ਰਿਲੀਜ਼ ਹੋਈ ਆਪਣੀ ਨਵੀਂ ਵੈੱਬ ਸੀਰੀਜ਼ 'ਬਲਦੇ ਦਰਿਆ' ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ, ਜੋ ਬੀਤੇ ਦਿਨੀਂ ਹੀ ਸੋਸ਼ਲ ਪਲੇਟਫ਼ਾਰਮ ਉਤੇ ਸਟ੍ਰੀਮ ਹੋਈ ਹੈ ਅਤੇ ਨਿਵੇਕਲੇ ਕੰਟੈਂਟ ਦੇ ਚੱਲਦਿਆਂ ਚਾਰੇ-ਪਾਸੇ ਪ੍ਰਸ਼ੰਸਾ ਹਾਸਲ ਕਰ ਰਹੀ ਹੈ।
'ਫਿਲਮੀ ਅੱਡਾ' ਵੱਲੋਂ ਪੇਸ਼ ਕੀਤੀ ਗਈ ਅਤੇ ਪਰਮਜੀਤ ਸਿੰਘ ਨਾਗਰਾ ਦੁਆਰਾ ਨਿਰਮਿਤ ਕੀਤੀ ਗਈ ਉਕਤ ਅਰਥ-ਭਰਪੂਰ ਵੈੱਬ-ਸੀਰੀਜ਼ ਦਾ ਨਿਰਦੇਸ਼ਨ ਭਗਵੰਤ ਸਿੰਘ ਕੰਗ ਦੁਆਰਾ ਕੀਤਾ ਗਿਆ ਹੈ, ਜੋ ਵੈੱਬ ਸੀਰੀਜ਼ ਅਤੇ ਲਘੂ ਫਿਲਮਾਂ ਨੂੰ ਨਵੇਂ ਅਯਾਮ ਦੇਣ ਦੇ ਨਾਲ-ਨਾਲ ਨਵੇਂ ਕਲਾਕਾਰਾਂ ਨੂੰ ਬਿਹਤਰੀਨ ਪਲੇਟਫ਼ਾਰਮ ਮੁਹੱਈਆ ਕਰਵਾਉਣ ਵਿੱਚ ਵੀ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਹਨ।
ਸਮਾਜਿਕ ਸਰੋਕਾਰਾਂ ਅਤੇ ਪੰਜਾਬ ਦੇ ਕਿਸਾਨੀ ਹਿੱਤਾ ਨਾਲ ਜੁੜੀ ਉਕਤ ਵੈੱਬ ਸੀਰੀਜ਼ ਦੁਆਰਾ ਆਮ ਜਨ ਜੀਵਨ ਵਿੱਚ ਕਈ ਪੱਖੋਂ ਹੋ ਰਹੀ ਉਥਲ-ਪੁਥਲ ਨੂੰ ਬਿਆਨ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰਾ ਪ੍ਰਭਜੋਤ ਰੰਧਾਵਾ ਵੱਲੋਂ ਅਦਾ ਕੀਤੀ ਭਾਵਪੂਰਨ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਅਨੁਸਾਰ ਪ੍ਰਭਾਵੀ ਕਹਾਣੀ-ਸਾਰ ਅਧਾਰਿਤ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣਨਾ ਉਸ ਲਈ ਬੇਹੱਦ ਮਾਣ ਵਾਲੀ ਗੱਲ ਰਹੀ ਹੈ।
ਪੰਜਾਬੀ ਮਨੋਰੰਜਨ ਉਦਯੋਗ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਚੌਖੀ ਭੱਲ ਸਥਾਪਿਤ ਕਰ ਲੈਣ ਵਾਲੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਅੱਗੇ ਦੱਸਿਆ ਕਿ ਬਲਦੇਵ ਸਿੰਘ ਸੜਕਨਾਮਾ ਜਿਹੇ ਵੱਡੇ ਨਾਵਲਕਾਰ ਦੀ ਲਿਖੀ ਭਾਵਨਾਤਮਕ ਕਹਾਣੀ ਅਧਾਰਿਤ ਉਕਤ ਵੈੱਬ ਸੀਰੀਜ਼ ਨੂੰ ਨਿਰਦੇਸ਼ਕ ਭਗਵੰਤ ਸਿੰਘ ਕੰਗ ਦੁਆਰਾ ਬਹੁਤ ਹੀ ਉਮਦਾ ਰੂਪ ਵਿੱਚ ਸਿਰਜਿਆ ਗਿਆ ਹੈ, ਜਿਸ ਵਿੱਚ ਉਸ ਸਮੇਤ ਸਾਰੇ ਹੀ ਕਲਾਕਾਰਾਂ ਵੱਲੋਂ ਬਹੁਤ ਹੀ ਮਿਹਨਤ ਅਤੇ ਤਰੱਦਦ ਨਾਲ ਆਪਣੀਆਂ ਆਪਣੀਆਂ ਭੂਮਿਕਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਮੂਲ ਰੂਪ ਵਿੱਚ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਅਧੀਨ ਆਉਣ ਇਤਿਹਾਸਕ ਸ਼ਹਿਰ ਸਰਹਿੰਦ ਨਾਲ ਸੰਬੰਧਤ ਇਸ ਬਾ-ਕਮਾਲ ਅਦਾਕਾਰਾ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਸਾਹਮਣੇ ਆਏ ਪ੍ਰੋਜੈਕਟਾਂ ਵਿੱਚ ਹਾਲੀਆ ਦਿਨਾਂ ਵਿੱਚ ਰਿਲੀਜ਼ ਹੋਈ ਵਿੱਚ ਇੱਕ ਹੋਰ ਬਿਹਤਰੀਨ ਵੈੱਬ ਸੀਰੀਜ਼ 'ਝੁੰਗੀਆਂ ਰੋਡ' ਵੀ ਸ਼ੁਮਾਰ ਰਹੀ ਹੈ, ਜਿਸ ਦਾ ਨਿਰਦੇਸ਼ਨ ਦਿਲਾਵਰ ਸਿੱਧੂ ਵੱਲੋਂ ਕੀਤਾ ਗਿਆ ਸੀ।