ਹੈਦਰਾਬਾਦ: ਅੰਮ੍ਰਿਤਪਾਲ ਸਿੰਘ ਢਿੱਲੋਂ...ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ, ਜਿਸ ਨੂੰ ਅੱਜ ਅਸੀਂ ਸਾਰੇ ਏਪੀ ਢਿੱਲੋਂ ਦੇ ਨਾਂਅ ਨਾਲ ਜਾਣਦੇ ਹਾਂ। ਏਪੀ ਢਿੱਲੋਂ ਦੇ ਸਾਰੇ ਗੀਤ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਏਪੀ ਢਿੱਲੋਂ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਨੇ ਭਾਰਤ-ਪਾਕਿ ਮੈਚ ਦੌਰਾਨ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਕਿਉਂਕਿ ਗਾਇਕ ਨੇ ਇਸ ਮੈਚ ਤੋਂ ਪਹਿਲਾਂ ਗਰਾਊਂਡ ਵਿੱਚ ਤੁਰ-ਫਿਰ ਕੇ ਆਪਣੇ ਗੀਤ ਗਾਏ। ਪੰਜਾਬੀ ਪੌਪ ਸਟਾਰ ਨੇ 34,000 ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਹੁਣ ਟੀ-20 ਵਿਸ਼ਵ ਕੱਪ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗਾਇਕ ਏਪੀ ਢਿੱਲੋਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਫੋਟੋਆਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਭਾਰਤੀ ਟੀਮ ਦੇ ਸਮਰਥਕਾਂ ਅਤੇ ਪਾਕਿ ਸਮਰਥਕਾਂ ਨਾਲ ਸੈਲਫੀਆਂ ਲੈਂਦੇ ਨਜ਼ਰੀ ਪੈ ਰਹੇ ਹਨ ਅਤੇ ਕਾਫੀ ਸਾਰਿਆਂ ਨੂੰ ਗਾਇਕ ਆਟੋਗ੍ਰਾਫ਼ ਵੀ ਦਿੰਦੇ ਨਜ਼ਰੀ ਪੈ ਰਹੇ ਹਨ।
ਉਲੇਖਯੋਗ ਹੈ ਕਿ ਪਾਕਿਸਤਾਨ ਨੇ ਨਿਊਯਾਰਕ ਵਿੱਚ ਆਪਣੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੀਂਹ ਨੇ ਖੇਡ ਵਿੱਚ ਵਿਘਨ ਪਾਉਣ ਦੇ ਬਾਵਜੂਦ ਪਾਕਿ ਸ਼ੁਰੂਆਤ ਤੋਂ ਹੀ ਸਨਸਨੀਖੇਜ਼ ਗੇਂਦਬਾਜ਼ੀ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੇ। ਇਸ ਮੈਚ ਵਿੱਚ ਭਾਰਤ ਨੇ 119 ਦੌੜਾਂ ਬਣਾਈਆਂ ਸਨ। 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 113 ਦੌੜਾਂ ਹੀ ਬਣਾ ਸਕੀ ਅਤੇ 6 ਦੌੜਾਂ ਨਾਲ ਹਾਰ ਗਈ।
ਇਸ ਦੌਰਾਨ ਏਪੀ ਢਿੱਲੋਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਨੂੰ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪ੍ਰਦਰਸ਼ਨ ਤੋਂ ਬਾਅਦ ਆਪਣੇ ਗਿਟਾਰ ਨੂੰ ਤੋੜਨ ਲਈ ਇੰਟਰਨੈੱਟ ਤੋਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਫੈਸਟੀਵਲ ਦੌਰਾਨ ਢਿੱਲੋਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਸੀ।