ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਲੰਮਾਂ ਅਤੇ ਮਾਣ ਭਰਿਆ ਪੈਂਡਾ ਹੰਢਾ ਚੁੱਕੇ ਹਨ ਅਜ਼ੀਮ ਅਦਾਕਾਰ ਰਤਨ ਔਲਖ, ਜੋ ਅੱਜਕੱਲ੍ਹ ਮੁੜ ਫਿਲਮੀ ਸਫਾਂ ਵਿੱਚ ਬਰਾਬਰਤਾ ਨਾਲ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ, ਜਿੰਨ੍ਹਾਂ ਦੇ ਸਿਨੇਮਾ ਖੇਤਰ ਵਿੱਚ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਅਤੇ ਭਾਵਪੂਰਨ ਪੰਜਾਬੀ ਵੈੱਬ ਸੀਰੀਜ਼ 'ਬਾਗੀ ਹਵਾਵਾਂ', ਜਿਸ ਦੀ ਸਟ੍ਰੀਮਿੰਗ ਜਲਦ ਹੀ ਓਟੀਟੀ ਪਲੇਟਫ਼ਾਰਮ ਉਪਰ ਹੋਵੇਗੀ।
'ਵਿਲੇਜ਼ਰ ਸਟੂਡਿਓ' ਅਤੇ 'ਚੌਪਾਲ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਵਿਰਾਸਤ ਫਿਲਮਜ਼' ਦੇ ਸਹਿਯੋਗ ਨਾਲ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਪੰਜਾਬੀ ਵੈੱਬ ਸੀਰੀਜ਼ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਗੁਰ ਅਮਾਨਤ ਸਿੰਘ ਪਤੰਗਾ ਦੁਆਰਾ ਕੀਤਾ ਗਿਆ ਹੈ, ਜੋ ਫਿਲਮ ਪ੍ਰੋਡੋਕਸ਼ਨ ਖੇਤਰ ਦੇ ਲੰਮੇਰੇ ਤਜ਼ਰਬੇ ਬਾਅਦ ਨਿਰਦੇਸ਼ਕ ਦੇ ਰੂਪ ਵਿੱਚ ਅਪਣੇ ਇੱਕ ਨਵੇਂ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ।