ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਫ਼ਲਤਮ ਅਤੇ ਉੱਚ-ਕੋਟੀ ਲੇਖਕ ਵਜੋਂ ਸ਼ੁਮਾਰ ਕਰਵਾਉਂਦੇ ਨਰੇਸ਼ ਕਥੂਰੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀਆਂ ਕਈ ਪੰਜਾਬੀ ਫਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਮੌਜਾਂ ਹੀ ਮੌਜਾਂ' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਤੋਂ ਚੱਲ ਕੇ ਮੁੰਬਈ ਗਲਿਆਰਿਆਂ ਤੱਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਹ ਹੋਣਹਾਰ ਅਦਾਕਾਰ ਅਤੇ ਲੇਖਕ ਸਭ ਤੋਂ ਵੱਧ ਲੇਖਨ ਫੀਸ ਲੈਣ ਵਾਲੇ ਸਟੋਰੀ ਲੇਖਕ ਹੋਣ ਦਾ ਮਾਣ ਵੀ ਅਪਣੇ ਹਿੱਸੇ ਕਰ ਚੁੱਕੇ ਹਨ।