ਚੰਡੀਗੜ੍ਹ: ਕਾਰੋਪਰੇਟ ਕਿੰਗ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਪ੍ਰੋਫਾਰਮ ਕਰਨ ਵਾਲੇ ਇਕਲੌਤੇ ਪੰਜਾਬੀ ਗਾਇਕ ਹੋਣ ਦਾ ਮਾਣ ਆਪਣੀ ਝੋਲੀ ਪਾਉਣ ਵਾਲੇ ਗਾਇਕ ਦਿਲਜੀਤ ਦੁਸਾਂਝ ਇੰਨੀਂ ਦਿਨੀਂ ਮੁੜ ਕਈ ਨਵੇਂ ਗਲੋਬਲੀ ਅਯਾਮ ਸਥਾਪਿਤ ਕਰਦੇ ਨਜ਼ਰੀ ਆ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਜਿੰਮੀ ਫੈਲਨ ਦੇ 'ਦਿ ਟੂਨਾਇਟ ਸ਼ੋਅ' ਵਿੱਚ ਉਨ੍ਹਾਂ ਦੀ ਹੋਣ ਜਾ ਰਹੀ ਉਪ-ਸਥਿਤੀ, ਜਿਸ ਨੇ ਇਸ ਬਾਕਮਾਲ ਗਾਇਕ ਅਤੇ ਦੇਸੀ ਰੌਕਸਟਾਰ ਨੂੰ ਉੱਚਕੋਟੀ ਇੰਟਰਨੈਸ਼ਨਲ ਗਾਇਕਾ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ।
ਪੰਜਾਬ ਦੇ ਦੁਆਬਾ ਅਧੀਨ ਆਉਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਨਾਲ ਸੰਬੰਧਤ ਇਸ ਗਾਇਕ ਅਤੇ ਅਦਾਕਾਰ ਦਾ ਹੁਣ ਤੱਕ ਦਾ ਸਫ਼ਰ ਕਾਫੀ ਸ਼ਾਨਮੱਤਾ ਰਿਹਾ ਹੈ, ਜਿੰਨ੍ਹਾਂ ਅਪਣੇ ਗਾਇਨ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਆਈ ਐਲਬਮ 'ਸਮਾਇਲ' ਨਾਲ ਕੀਤੀ, ਉਪਰੰਤ 'ਚਾਕਲੇਟ' (2008) ਅਤੇ ਯੋ ਯੋ ਹਨੀ ਸਿੰਘ ਨਾਲ 'ਦਿ ਨੈਕਸਟ ਲੈਵਲ' (2009) ਨੇ ਉਨ੍ਹਾਂ ਦੀ ਪਹਿਚਾਣ ਨੂੰ ਐਸੀ ਪੁਖ਼ਤਗੀ ਦਿੱਤੀ ਕਿ ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਵੇਖਿਆ।
ਸਾਲ 2011 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਦਿ ਲਾਇਨ ਆਫ਼ ਪੰਜਾਬ’ ਵਿੱਚ ਸਿਲਵਰ ਸਕਰੀਨ ਉਤੇ ਡੈਬਿਊ ਕਰਨ ਵਾਲੇ ਇਸ ਬਾਕਮਾਲ ਅਦਾਕਾਰ ਨੇ ਇਸ ਖਿੱਤੇ ਵਿੱਚ ਵੀ ਅਪਣੀ ਸਰਦਾਰੀ ਕਾਇਮ ਰੱਖੀ ਹੈ, ਜਿੰਨ੍ਹਾਂ ਦੀ ਧਾਂਕ ਦਾ ਇਹ ਅਸਰ ਕੇਵਲ ਪਾਲੀਵੁੱਡ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਇਹ ਹਿੰਦੀ ਸਿਨੇਮਾ ਖਿੱਤੇ ਵਿੱਚ ਵੀ ਦਿਨ-ਬ-ਦਿਨ ਹੋਰ ਪ੍ਰਭਾਵੀ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਨੈੱਟਫਲਿਕਸ ਉਤੇ ਹਾਲ ਹੀ ਵਿੱਚ ਸਟ੍ਰੀਮ ਹੋਈ 'ਚਮਕੀਲਾ' ਨਾਲ ਦੁਨੀਆ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਛਾਅ ਜਾਣ ਵਾਲੇ ਦਿਲਜੀਤ ਦੁਸਾਂਝ ਨੇ ਹੁਣ ਤੱਕ ਦੇ ਅਪਣੇ ਗਾਇਕੀ ਅਤੇ ਫਿਲਮੀ ਕਰੀਅਰ ਦੌਰਾਨ ਕਈ ਰਿਕਾਰਡਜ਼ ਕਾਇਮ ਕਰਨ ਦਾ ਮਾਣ ਆਪਣੀ ਝੋਲੀ ਪਾਇਆ ਹੈ ਅਤੇ ਉਨ੍ਹਾਂ ਦੀਆਂ ਇੰਨ੍ਹਾਂ ਹੀ ਮਾਣਮੱਤੀਆਂ ਪ੍ਰਾਪਤੀਆਂ ਵੱਲ ਆਓ ਕਰਦੇ ਹਾਂ ਖਾਸ ਨਜ਼ਰਸਾਨੀ:
ਦਿਲ-ਲੁਮਿਨਾਤੀ ਟੂਰ ਨੇ ਸਿਰਜੇ ਨਵੇਂ ਅਯਾਮ:ਵੈਨਕੂਵਰ (ਕੈਨੇਡਾ) ਦੇ ਬੀਸੀ ਸਟੇਡੀਅਮ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਸੰਪੰਨ ਹੋਏ ਦਿਲ-ਲੁਮਿਨਾਤੀ ਟੂਰ ਦੌਰਾਨ ਯਾਦਗਾਰੀ ਪ੍ਰਦਰਸ਼ਨ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੇ ਹਨ ਦਿਲਜੀਤ ਦੁਸਾਂਝ, ਜਿੰਨ੍ਹਾਂ ਦੇ ਇੰਨ੍ਹਾਂ ਸ਼ੋਅਜ਼ ਦੀ ਸੁਪਰ ਸਫਲਤਾ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਅਤੇ ਉਨ੍ਹਾਂ ਨੂੰ ਗਲੋਬਲ ਸਟਾਰ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਭਾਰਤ ਵਿੱਚ ਹੀ ਨਹੀਂ ਬਲਕਿ ਹੁਣ ਦੁਨੀਆਭਰ ਵਿੱਚ ਪ੍ਰਸ਼ੰਸਕ ਦਾਇਰਾ ਵਿਸ਼ਾਲ ਕਰ ਚੁੱਕੇ ਇਹ ਬਹੁ ਪ੍ਰਤਿਭਾ ਦੇ ਧਨੀ ਗਾਇਕ ਪਹਿਲੇ ਐਸੇ ਪੰਜਾਬੀ ਗਾਇਕ ਵਜੋਂ ਵੀ ਸਾਹਮਣੇ ਆਏ, ਜਿਸ ਨੇ ਕੈਨੇਡਾ ਦੇ ਬੀਸੀ ਸਟੇਡੀਅਮ ਵਿੱਚ 54,000 ਦਰਸ਼ਕਾਂ ਦੀ ਹਾਜ਼ਰੀ ਬਹਾਲ ਕਰਕੇ ਇਤਿਹਾਸ ਰਚ ਦਿੱਤਾ ਹੈ। ਸੋਲਡ ਆਊਟ ਹੋਣ ਵਾਲੇ ਲੁਮਿਨਾਤੀ ਟੂਰ ਨੇ ਦਰਸ਼ਕ ਹਾਜ਼ਰੀ ਦੇ ਨਾਲ ਟਿਕਟ ਵਿਕਰੀ ਪੱਖੋਂ ਵੀ ਰਿਕਾਰਡ ਕਾਇਮ ਕੀਤੇ ਹਨ।
ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਇਵੈਂਟ ਦੀਆਂ ਟਿਕਟਾਂ ਦੀ ਦਰ ਬਹੁਤ ਜ਼ਿਆਦਾ ਹੋਣ ਪਹਿਲੀ ਕਤਾਰ ਦੀਆਂ ਸੀਟਾਂ ਦੀਆਂ ਕੀਮਤਾਂ ਭਾਰਤੀ ਰੁਪਏ ਵਿੱਚ ਲਗਭਗ 40,266 ਤੋਂ 59,540 ਰੁਪਏ ਦੇ ਬਰਾਬਰ ਰਹਿਣ ਦੇ ਬਾਵਜੂਦ ਦਰਸ਼ਕ ਟਿਕਟਾਂ ਖਰੀਦਣ ਲਈ ਤਰਸਦੇ ਨਜ਼ਰੀ ਆਏ।